ਡੇਰਾਬੱਸੀ, 1 ਸਤੰਬਰ (ਗੁਰਮੀਤ ਸਿੰਘ)-ਘੱਗਰ 'ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਗਣ ਕਰਕੇ ਲੋਕਾਂ ਦੇ ਸਾਹ ਸੂਤੇ ਗਏ ਹਨ | ਸ਼ਾਮ ਤੱਕ ਪਾਣੀ ਦਾ ਪੱਧਰ ਘੱਟ ਹੋ ਗਿਆ ਸੀ, ਲੇਕਿਨ ਦੂਜੀ ਵੱਡੀ ਸਮੱਸਿਆ ਖੜ੍ਹੀ ਹੋ ਜਾਣ ਕਰਕੇ ਲੋਕਾਂ ਦੀ ਨੀਂਦ ਉੱਡ ਗਈ | ਘੱਗਰ ਕਿਨਾਰੇ ਮਾਰਕੰਡਾ ਮੰਦਰ ਕੋਲ ਬੰਨ੍ਹ ਕਮਜ਼ੋਰ ਹੁੰਦਾ ਦੇਖ ਲੋਕਾਂ 'ਚ ਦਹਿਸ਼ਤ ਫੈਲ ਗਈ | ਇਹ ਸੂਚਨਾ ਅੱਗ ਵਾਂਗ ਖੇਤਰ ਵਿਚ ਫੈਲ ਗਈ | ਸ਼ਾਮ ਨੂੰ ਪਿੰਡ ਭਾਂਖਰਪੁਰ ਦੇ ਵਸਨੀਕਾਂ ਸਮੇਤ ਹੋਰਨਾਂ ਲੋਕਾਂ ਨੇ ਕਮਜ਼ੋਰ ਹੁੰਦੇ ਬੰਨ੍ਹ ਕਰਕੇ ਪੈਦਾ ਹੋਣ ਵਾਲੇ ਖ਼ਤਰੇ ਨੂੰ ਭਾਂਪਦੇ ਹੋਏ ਆਪ ਹੀ ਮੋਰਚਾ ਸੰਭਾਲ ਲਿਆ ਅਤੇ ਮਿੱਟੀ ਪਾ ਬੰਨ੍ਹ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਕਰ ਦਿੱਤੀ | ਮੌਕੇ 'ਤੇ ਲੋਕਾਂ ਨੇ ਮਿੱਟੀ ਦੀਆਂ ਭਰੀਆਂ ਬੋਰੀਆਂ ਬੰਨ੍ਹ ਦੇ ਕਮਜ਼ੋਰ ਹਿੱਸੇ ਨੇੜੇ ਰੱਖ ਕੇ ਬੰਨ੍ਹ ਨੂੰ ਮਜ਼ਬੂਤ ਕੀਤਾ | ਇਸ ਤੋਂ ਇਲਾਵਾ ਟਰਾਲੀਆਂ ਦੀ ਮਦਦ ਨਾਲ ਮਿੱਟੀ ਵੀ ਪਾਈ ਗਈ | ਲੋਕਾਂ ਨੇ ਦੱਸਿਆ ਕਿ ਮਾਰਕੰਡਾ ਮੰਦਰ ਨੇੜੇ ਬੰਨ੍ਹ 'ਤੇ ਪੱਕੀ ਸੜਕ ਬਣੀ ਹੋਈ ਹੈ | ਇਸ ਦੇ ਨਾਲ-ਨਾਲ ਘੱਗਰ ਵਾਲੇ ਪਾਸੇ ਕੱਚਾ ਰਸਤਾ ਬਣਿਆ ਹੋਇਆ ਹੈ | ਉਕਤ ਰਸਤਾ ਘੱਗਰ ਦੇ ਪਾਣੀ 'ਚ ਹੜ੍ਹ ਗਿਆ | ਇਸ ਕਾਰਨ ਬੰਨ੍ਹ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ | ਜੇਕਰ ਸਮੇਂ ਰਹਿੰਦੇ ਇਸ ਪਾਸੇ ਧਿਆਨ ਨਾ ਦਿੱਤਾ ਜਾਂਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ | ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਤਾਂ ਲੋਕਾਂ ਨੇ ਆਪਣੇ ਪੱਧਰ 'ਤੇ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ | ਖ਼ਬਰ ਲਿਖੇ ਜਾਣ ਤੱਕ ਲੋਕ ਮਿੱਟੀ ਦੀ ਬੋਰੀਆਂ ਲਗਾ ਕੇ ਬੰਨ੍ਹ ਨੂੰ ਮਜ਼ਬੂਤ ਕਰਨ ਦੇ ਕੰਮ ਵਿਚ ਜੁੱਟੇ ਹੋਏ ਸਨ |