ਚੰਡੀਗੜ੍ਹ, 22 ਸਤੰਬਰ (ਸੰਦੀਪ ਕੁਮਾਰ ਮਾਹਨਾ)ਚੰਡੀਗੜ੍ਹ ਵਪਾਰ ਮੰਡਲ ਦੇ ਪ੍ਰਧਾਨ ਸੰਜੀਵ ਚੱਢਾ ਦੀ ਅਗਵਾਈ ਹੇਠ ਹੋਈ ਬੈਠਕ 'ਚ ਕੇਂਦਰ ਸਰਕਾਰ ਵਲੋਂ ਜੀ. ਐੱਸ. ਟੀ. ਦੀਆਂ ਸਲੈਬਾਂ ਘਟਾਉਣ ਲਈ ਧੰਨਵਾਦ ਕੀਤਾ ਗਿਆ | ਇਸ ਮੀਟਿੰਗ 'ਚ ਚੇਅਰਮੈਨ ਚਰਨਜੀਵ ਸਿੰਘ, ਵਾਈਸ ਚੇਅਰਮੈਨ ਦਿਵਾਕਰ ਸਹੁੰਜਾ, ਮੁੱਖ ਸਲਾਹਕਾਰ ਭੁਪਿੰਦਰ ਨਰੜ, ਸੀਨੀਅਰ ਉਪ ਪ੍ਰਧਾਨ ਸੁਭਾਸ਼ ਨਾਰੰਗ, ਜਨਰਲ ਸਕੱਤਰ ਬਲਵਿੰਦਰ ਸਿੰਘ, ਸਲਾਹਕਾਰ ਵਰਿੰਦਰ ਗੁਪਤਾ, ਉਪ ਪ੍ਰਧਾਨ ਬਲਜਿੰਦਰ ਸਿੰਘ ਗੁਜਰਾਲ, ਜਨਰਲ ਸਕੱਤਰ ਸੁਨੀਲ ਗੁਪਤਾ ਅਤੇ ਫ਼ਾਇਨੈਂਸ ਸਕੱਤਰ ਰਾਧੇ ਲਾਲ ਬਾਜਾਜ ਵੀ ਹਾਜ਼ਰ ਸਨ | ਵਪਾਰ ਮੰਡਲ ਨੇ ਸ਼ਹਿਰ ਦੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਦੁਕਾਨਾਂ ਅਤੇ ਅਦਾਰਿਆਂ 'ਤੇ ਜੀ.ਅੱੈਸ.ਟੀ. ਰੇਟ ਕਟੌਤੀਆਂ ਨੂੰ ਉਭਾਰਨ ਤੇ ਇਹ ਲਾਭ ਪੂਰੀ ਤਰ੍ਹਾਂ ਖ਼ਰੀਦਦਾਰਾਂ ਤੱਕ ਪਹੁੰਚਾਉਣ ਦਾ ਵਚਨ ਦੇਣ | ਇਸ ਮੌਕੇ ਕੇਂਦਰ ਸਰਕਾਰ ਨੂੰ ਜੀ.ਐੱਸ.ਟੀ. ਰਿਟਰਨ ਭਰਨ ਦੀ ਪ੍ਰਕਿਰਿਆ ਸਰਲ ਕਰਨ ਦੀ ਅਪੀਲ ਕੀਤੀ ਗਈ ਤਾਂ ਜੋ ਵਪਾਰ ਕਰਨਾ ਹੋਰ ਆਸਾਨ ਹੋ ਸਕੇ | ਨਾਲ ਹੀ ਮੰਡਲ ਨੇ ਸਥਾਨਕ ਪ੍ਰਸ਼ਾਸਨ ਨੂੰ ਵਪਾਰਕ ਇਮਾਰਤਾਂ ਸਬੰਧੀ ਬਾਈਲਾਜ਼ 'ਚ ਜ਼ਰੂਰਤ ਅਨੁਸਾਰ ਤਬਦੀਲੀਆਂ ਕਰਨ ਦੀ ਗੁਹਾਰ ਲਾਈ | ਪ੍ਰਧਾਨ ਸੰਜੀਵ ਚੱਢਾ ਨੇ ਕਿਹਾ ਕਿ ਜੀ.ਐਸ.ਟੀ 'ਚ ਕਟੌਤੀਆਂ ਸਬੰਧੀ ਲੋਕਾਂ 'ਚ ਜਾਗਰੂਕਤਾ ਪੈਦਾ ਕਰਨ ਲਈ ਵਪਾਰ ਮੰਡਲ ਵਲੋਂ ਰੰਗੀਨ ਪੋਸਟਰ, ਪੰਪਲੈਟ ਅਤੇ ਬੈਨਰ ਛਪਵਾ ਕੇ ਸ਼ਹਿਰ ਦੇ ਹਰ ਬਜ਼ਾਰ 'ਚ ਵੰਡੇ ਜਾਣਗੇ | ਇਸ ਰਾਹੀਂ ਲੋਕਾਂ ਨੂੰ ਖ਼ਰੀਦਦਾਰੀ 'ਚ ਹੋਣ ਵਾਲੀਆਂ ਬੱਚਤਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ |