ਚੰਡੀਗੜ੍ਹ, 24 ਸਤੰਬਰ (ਸੰਦੀਪ ਕੁਮਾਰ ਮਾਹਨਾ)-ਯੂ. ਟੀ. ਪ੍ਰਸ਼ਾਸਨ ਵਲੋਂ ਖੁੱਡਾ ਲਾਹੋਰਾ ਇਲਾਕੇ 'ਚ ਨਾਜਾਇਜ਼ ਤੌਰ 'ਤੇ ਕੀਤੀਆਂ ਉਸਾਰੀਆਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ | ਪ੍ਰਸ਼ਾਸਨ ਦੇ ਅਸਟੇਟ ਅਫ਼ਸਰ ਦੀ ਅਗਵਾਈ ਹੇਠ ਟੀਮ ਨੇ ਟੀਨ ਦੀਆਂ ਚਾਦਰਾਂ ਨਾਲ ਬਣੀਆਂ ਦੁਕਾਨਾਂ ਨੂੰ ਢਾਹ ਦਿੱਤਾ | ਕਾਰਵਾਈ ਕਾਰਨ ਇਲਾਕੇ 'ਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ | ਪ੍ਰਸ਼ਾਸਨ ਵਲੋਂ ਮੌਕੇ 'ਤੇ ਵੱਡੀ ਗਿਣਤੀ 'ਚ ਪੁਲਿਸ ਫ਼ੋਰਸ ਤੈਨਾਤ ਕੀਤੀ ਗਈ ਸੀ ਤਾਂ ਜੋ ਕੋਈ ਅਣਚਾਹੀ ਘਟਨਾ ਨਾ ਵਾਪਰੇ | ਇਸ ਦੇ ਬਾਵਜੂਦ ਕਾਰਵਾਈ ਦੌਰਾਨ ਸਥਾਨਕ ਲੋਕਾਂ ਵਲੋਂ ਭਾਰੀ ਵਿਰੋਧ ਜਤਾਇਆ ਗਿਆ | ਪਿੰਡ ਖੁੱਡਾ ਲਾਹੋਰਾ ਦੇ ਸਾਬਕਾ ਸਰਪੰਚ ਨੇ ਵੀ ਪ੍ਰਸ਼ਾਸਨ ਦੀ ਇਸ ਕਾਰਵਾਈ ਵਿਰੁੱਧ ਧਰਨਾ ਦੇ ਕੇ ਆਵਾਜ਼ ਬੁਲੰਦ ਕੀਤੀ | ਹਾਲਾਤ ਬੇਕਾਬੂ ਹੁੰਦੇ ਵੇਖ ਪੁਲਿਸ ਨੇ ਵਿਰੋਧ ਕਰ ਰਹੇ ਸਰਪੰਚ ਨੂੰ ਹਿਰਾਸਤ ਵਿਚ ਲੈ ਲਿਆ | ਸਾਬਕਾ ਸਰਪੰਚ ਦੇ ਨਾਲ ਕੁਝ ਹੋਰ ਵਸਨੀਕਾਂ ਨੂੰ ਵੀ ਪੁਲਿਸ ਨੇ ਮੌਕੇ ਤੋਂ ਹਟਾਇਆ | ਉੱਧਰ ਯੂ. ਟੀ. ਪ੍ਰਸ਼ਾਸਨ ਦੀ ਇਸ ਕਾਰਵਾਈ ਪ੍ਰਤੀ ਸਥਾਨਕ ਲੋਕਾਂ ਦਾ ਕਹਿਣਾ ਸੀ ਕਿ ਬਿਨਾਂ ਨੋਟਿਸ ਦਿੱਤੇ ਅਚਾਨਕ ਉਸਾਰੀਆਂ ਢਾਹ ਕੇ ਪ੍ਰਸ਼ਾਸਨ ਨੇ ਗ਼ਰੀਬ ਲੋਕਾਂ ਦੇ ਸਿਰ ਤੋਂ ਛੱਤ ਖੋਹ ਲਈ ਹੈ | ਉਨ੍ਹਾਂ ਦਾ ਦੋਸ਼ ਸੀ ਕਿ ਜ਼ਿਆਦਾਤਰ ਦੁਕਾਨਾਂ ਲੰਬੇ ਸਮੇਂ ਤੋਂ ਬਣਿਆ ਹੋਇਆ ਹਨ ਅਤੇ ਇਨ੍ਹਾਂ ਨੂੰ ਢਾਹੁਣਾ ਨਾਲ ਉਨ੍ਹਾਂ ਦੁਕਾਨਦਾਰਾਂ ਦੀ ਰੋਜ਼ੀ ਰੋਟੀ ਖੋਹੀ ਜਾ ਰਹੀ ਹੈ | ਗਿ੍ਫ਼ਤਾਰੀ ਤੋਂ ਪਹਿਲਾਂ ਪਿੰਡ ਦੇ ਸਾਬਕਾ ਸਰਪੰਚ ਬਲਵਿੰਦਰ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਕਈ ਵਾਰ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਕਿ ਗ਼ਰੀਬਾਂ ਦੇ ਢਿੱਡ 'ਤੇ ਲੱਤ ਨਾ ਮਾਰੀ ਜਾਵੇ | ਇਹ ਦੁਕਾਨਦਾਰ ਪਿਛਲੇ ਕਈ ਸਾਲਾਂ ਤੋਂ ਇੱਥੇ ਕੰਮਕਾਜ ਕਰ ਘਰ ਦਾ ਖਰਚਾ ਚਲਾ ਰਹੇ ਹਨ | ਜਦਕਿ ਯੂਟੀ ਪ੍ਰਸ਼ਾਸਨ ਵਲੋਂ ਅੱਜ ਬਿਨਾਂ ਕੋਈ ਚਿਤਾਵਨੀ ਦਿੱਤੇ ਕਾਰਵਾਈ ਕੀਤੀ ਗਈ, ਜੋ ਕਿ ਲੋਕਾਂ ਨਾਲ ਵੱਡਾ ਜ਼ੁਲਮ ਹੈ | ਦੂਜੇ ਪਾਸੇ ਅਸਟੇਟ ਦਫ਼ਤਰ ਦੇ ਅਧਿਕਾਰੀਆਂ ਨੇ ਸਾਫ਼ ਕੀਤਾ ਕਿ ਇਹ ਕਾਰਵਾਈ ਅਦਾਲਤ ਦੇ ਹੁਕਮਾਂ ਅਨੁਸਾਰ ਕੀਤੀ ਗਈ ਹੈ | ਖੁੱਡਾ ਲਾਹੋਰਾ 'ਚ ਲਗਾਤਾਰ ਨਾਜਾਇਜ਼ ਕਬਜ਼ੇ ਵੱਧ ਰਹੇ ਹਨ, ਜਿਸ ਕਾਰਨ ਆਵਾਜਾਈ ਜਾਮ ਰਹਿਣ ਕਾਰਨ ਰਾਹਗੀਰਾਂ ਅਤੇ ਸਥਾਨਕ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਦੀ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਤੇ ਕਿਸੇ ਵੀ ਹਾਲਤ ਵਿਚ ਕਾਨੂੰਨ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ |