ਕਰਨਾਲ/ਨਰਵਾਣਾ (ਜੀਂਦ), 10 ਅਕਤੂਬਰ (ਗੁਰਮੀਤ ਸਿੰਘ ਸੱਗੂ)- ਹਰਿਆਣਾ ਦੇ ਦੋ ਪ੍ਰਮੁੱਖ ਕਿਸਾਨ ਸੰਗਠਨਾਂ, ਸੰਯੁਕਤ ਕਿਸਾਨ ਮੋਰਚਾ ਹਰਿਆਣਾ ਅਤੇ ਹਰਿਆਣਾ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਨੇ ਕਿਸਾਨੀ ਮੁੱਦਿਆਂ ’ਤੇ ਮਿਲ ਕੇ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤਹਿਤ ਫ਼ਸਲਾਂ ਦੀ ਖ਼ਰੀਦ ਵਿਚ ਕਿਸਾਨਾਂ ਦੀ ਹੋ ਰਹੀ ਕਥਿਤ ਲੁੱਟ ਦੇ ਵਿਰੋਧ ਵਿਚ 14 ਅਕਤੂਬਰ ਨੂੰ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਮਾਰਕੀਟ ਕਮੇਟੀ ਦਫ਼ਤਰਾਂ ’ਤੇ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਤਾਲਾਬੰਦੀ ਕਰਕੇ ਤਿੰਨ ਘੰਟੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਜੇਕਰ ਸਰਕਾਰ ਨੇ ਫਿਰ ਵੀ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਵੱਡੇ ਅੰਦੋਲਨ ਦਾ ਐਲਾਨ ਕੀਤਾ ਜਾਵੇਗਾ। ਇਹ ਫ਼ੈਸਲਾ ਅੱਜ ਨਰਵਾਣਾ ਜ਼ਿਲ੍ਹਾ ਜੀਂਦ ਦੇ ਕਿਸਾਨ ਰੈਸਟ ਹਾਊਸ ਵਿਚ ਹੋਈ ਦੋਵਾਂ ਮੋਰਚਿਆਂ ਦੀ ਸਾਂਝੀ ਮੀਟਿੰਗ ਵਿਚ ਲਿਆ ਗਿਆ। ਮੀਟਿੰਗ ਦੀ ਸਾਂਝੇ ਤੌਰ ’ਤੇ ਪ੍ਰਧਾਨਗੀ ਰਤਨ ਮਾਨ, ਲਖਵਿੰਦਰ ਔਲਖ, ਬਲਬੀਰ ਸਿੰਘ ਅਤੇ ਮਨਦੀਪ ਨਥਵਾਨ ਨੇ ਕੀਤੀ। ਮੀਟਿੰਗ ਵਿਚ ਦੋਵਾਂ ਮੋਰਚਿਆਂ ਨਾਲ ਸਬੰਧਤ 23 ਕਿਸਾਨ ਸੰਗਠਨਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਨੇ ਦੱਸਿਆ ਕਿ ਮੰਡੀਆਂ ਵਿਚ ਝੋਨੇ ਅਤੇ ਬਾਜਰੇ ਦੀ ਖ਼ਰੀਦ ਦੌਰਾਨ ਕਿਸਾਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫ਼ਸਲਾਂ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਤੋਂ ਹੇਠਾਂ ਵਿਕ ਰਹੀਆਂ ਹਨ ਅਤੇ ਸਰਕਾਰ ਵਲੋਂ ਖ਼ਰੀਦ ’ਤੇ ਲਗਾਈਆਂ ਗਈਆਂ ਸ਼ਰਤਾਂ ਕਿਸਾਨ ਵਿਰੋਧੀ ਹਨ। ਉਨ੍ਹਾਂ ਨੇ ਝੋਨੇ ਅਤੇ ਬਾਜਰੇ ਦੀ ਖ਼ਰੀਦ ਲਈ ਪ੍ਰਤੀ ਏਕੜ ਹੱਦ ਤੈਅ ਕਰਨ, ਜ਼ਿਲ੍ਹਿਆਂ ਨਾਲ ਸਬੰਧਤ ਸ਼ਰਤਾਂ, ਪੋਰਟਲ ਰਾਹੀਂ ਕਿਸਾਨਾਂ ਨੂੰ ਪਰੇਸ਼ਾਨ ਕਰਨ ਅਤੇ ਫ਼ਸਲ ਦੀ ਕੀਮਤ ਵਿਚ ਕੀਤੀਆਂ ਜਾ ਰਹੀਆਂ ਕਥਿਤ ਨਾਜਾਇਜ਼ ਕਟੌਤੀਆਂ ਦਾ ਵਿਰੋਧ ਕੀਤਾ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਝੋਨੇ ਅਤੇ ਬਾਜਰੇ ਦੀਆਂ ਫ਼ਸਲਾਂ ਕ੍ਰਮਵਾਰ 2,461 ਰੁਪਏ ਅਤੇ 2,900 ਰੁਪਏ ਪ੍ਰਤੀ ਕੁਇੰਟਲ ਦੇ ਨਿਰਧਾਰਤ ਐੱਮ.ਐੱਸ.ਪੀ. ਤੋਂ ਘੱਟ ਹਨ।