ਐੱਸ. ਏ. ਐੱਸ. ਨਗਰ, 26 ਸਤੰਬਰ (ਕਪਿਲ ਵਧਵਾ)-ਮੁਹਾਲੀ ਅਦਾਲਤ ਨੇ ਏ. ਕਲਾਸ ਗੈਂਗਸਟਰ ਅਰਸ਼ ਡੱਲਾ ਦੇ ਵਿਰੋਧੀ ਨਵਦੀਪ ਸਿੰਘ ਦੀ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ | ਜਾਣਕਾਰੀ ਅਨੁਸਾਰ ਮੁਹਾਲੀ ਸਥਿਤ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸ. ਐੱਸ. ਓ. ਸੀ.) ਦੀ ਟੀਮ ਨੇ ਨਵਦੀਪ ਸਿੰਘ ਅਤੇ ਉਸ ਦੇ ਸਾਥੀ ਕੰਵਲਜੀਤ ਸਿੰਘ ਨੂੰ ਨਾਜਾਇਜ਼ ਅਸਲ੍ਹੇ ਸਮੇਤ 13 ਜੂਨ ਨੂੰ ਗਿ੍ਫ਼ਤਾਰ ਕੀਤਾ ਸੀ | ਗਿ੍ਫ਼ਤਾਰੀ ਮੌਕੇ ਨਵਦੀਪ ਸਿੰਘ ਦੇ ਕਬਜ਼ੇ 'ਚੋਂ ਪੁਲਿਸ ਪਾਰਟੀ ਨੇ ਜ਼ਿਗਨਾ ਪਿਸਤੌਲ ਸਮੇਤ ਚਾਰ ਜਿੰਦਾ ਕਾਰਤੂਸ ਅਤੇ ਪੰਜ .30 ਬੋਰ ਦੇ ਜਿੰਦਾ ਕਾਰਤੂਸ ਬਰਾਮਦ ਕੀਤੇ ਸਨ | ਪਟੀਸ਼ਨਕਰਤਾ 'ਤੇ ਦੋਸ਼ ਹੈ ਕਿ ਉਸ ਨੇ ਆਪਣੇ ਹੈਂਡਲਰਾਂ ਦੇ ਕਹਿਣ 'ਤੇ ਗੈਂਗਸਟਰ ਅਰਸ਼ ਡੱਲਾ ਨੂੰ ਮਾਰਨ ਦੀ ਯੋਜਨਾ ਬਣਾਈ ਸੀ, ਜਿਸ ਲਈ ਉਨ੍ਹਾਂ ਨੂੰ ਆਧੁਨਿਕ ਹਥਿਆਰ ਵੀ ਮੁਹੱਈਆ ਕਰਵਾਏ ਗਏ ਸਨ | ਇਸ ਮਾਮਲੇ ਦੀ ਜਾਂਚ ਦੌਰਾਨ ਐੱਸ. ਐੱਸ. ਓ. ਸੀ. ਨੇ ਇਕ ਹੋਰ ਮੁਲਜ਼ਮ ਕੁਲਵਿੰਦਰ ਸਿੰਘ ਉਰਫ਼ ਕਿੰਦਾ ਨੂੰ .30 ਬੋਰ ਦੇ ਪਿਸਤੌਲ ਸਮੇਤ ਤਿੰਨ ਜ਼ਿੰਦਾ ਕਾਰਤੂਸਾਂ ਸਮੇਤ ਗਿ੍ਫ਼ਤਾਰ ਕੀਤਾ ਸੀ | ਇਨ੍ਹਾਂ ਮੁਲਜ਼ਮਾਂ ਵਿਰੁੱਧ ਅਸਲ੍ਹਾ ਐਕਟ ਦੀ ਧਾਰਾ 25 ਅਤੇ 25 (7) ਸਮੇਤ ਬੀ. ਐੱਨ. ਐੱਸ. ਦੀ ਧਾਰਾ 61 (2) ਤਹਿਤ ਥਾਣਾ ਐੱਸ. ਐੱਸ. ਓ. ਸੀ. ਮੁਹਾਲੀ ਵਿਖੇ ਐੱਫ. ਆਈ. ਆਰ ਦਰਜ ਕੀਤੀ ਗਈ ਸੀ | ਦੱਸ ਦਈਏ ਕਿ ਅਦਾਲਤ ਵਿਖੇ ਜ਼ਮਨਤੀ ਦੀ ਅਰਜ਼ੀ 'ਤੇ ਸੁਣਵਾਈ ਮੌਕੇ ਬਚਾਅ ਧਿਰ ਵਲੋਂ ਪਟੀਸ਼ਨਕਰਤਾ ਨੂੰ ਬੇਕਸੂਰ ਦੱਸਣ ਦੇ ਬਾਵਜੂਦ ਜੱਜ ਨੀਤੀਕਾ ਵਰਮਾ ਨੇ ਗੰਭੀਰ ਦੋਸ਼ਾਂ ਦਾ ਹਵਾਲਾ ਦਿੰਦੇ ਹੋਏ ਨਵਦੀਪ ਦੀ ਦੂਜੀ ਜ਼ਮਾਨਤ ਅਰਜ਼ੀ ਨੂੰ ਵੀ ਰੱਦ ਕਰ ਦਿੱਤਾ | ਇਸ ਤੋਂ ਪਹਿਲਾਂ ਵੀ ਸੀ. ਜੇ. ਐੱਮ. ਮੇਘਾ ਧਾਲੀਵਾਲ ਨੇ ਨਵਦੀਪ ਵਲੋਂ ਦਾਇਰ ਜ਼ਮਾਨਤ ਦੀ ਅਰਜ਼ੀ ਨੂੰ 16 ਜੁਲਾਈ ਨੂੰ ਰੱਦ ਕਰ ਦਿੱਤਾ ਸੀ |