ਲਾਲੜੂ, 26 ਸਤੰਬਰ (ਰਾਜਬੀਰ ਸਿੰਘ)-ਟਿਵਾਣਾ ਖੇਤਰ ਲਈ ਸ਼ਰਾਪ ਬਣੇ ਘੱਗਰ ਉੱਤੇ ਆਰਜ਼ੀ ਬੰਨ੍ਹ ਲਗਾਉਣ ਲਈ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਸ਼ੁਰੂ ਕੀਤੇ ਗਏ ਉਪਰਾਲੇ ਨੂੰ ਦਿਨ ਪ੍ਰਤੀ ਦਿਨ ਹੁੰਗਾਰਾ ਮਿਲ ਰਿਹਾ ਹੈ | ਬੀਤੇ ਕੱਲ੍ਹ ਜਿੱਥੇ ਲੱਖੋਵਾਲ ਜਥੇਬੰਦੀ ਦੀ ਕੌਮੀ ਇਕਾਈ ਵਲੋਂ ਘੱਗਰ ਦਾ ਦੌਰਾ ਕੀਤਾ ਗਿਆ ਸੀ, ਉੱਥੇ ਹੀ ਅੱਜ ਹਲਕਾ ਡੇਰਾਬੱਸੀ ਤੋਂ ਕਾਂਗਰਸ ਦੇ ਸੀਨੀਅਰ ਆਗੂ ਦੀਪਇੰਦਰ ਸਿੰਘ ਢਿੱਲੋਂ ਵਲੋਂ ਵੀ ਆਰਜ਼ੀ ਬੰਨ੍ਹ ਬਣਾਉਣ ਲਈ ਲੱਖੋਵਾਲ ਇਕਾਈ ਨੂੰ 1.50 ਲੱਖ ਰੁਪਏ ਦੀ ਮਾਲੀ ਮਦਦ ਭੇਟ ਕੀਤੀ ਗਈ | ਇਸ ਮੌਕੇ ਆਪਣੀ ਟੀਮ ਸਮੇਤ ਮਾਲੀ ਮਦਦ ਦੇਣ ਲਈ ਪੁੱਜੇ ਦੀਪਇੰਦਰ ਸਿੰਘ ਢਿੱਲੋਂ ਨੇ ਕਿਹਾ ਇਹ ਬਹੁਤ ਹੀ ਨੇਕ ਉਪਰਾਲਾ ਹੈ ਅਤੇ ਇਸ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜਿਸ ਦਿਨ ਇਸ ਬੰਨ੍ਹ ਦਾ ਕੰਮ ਸ਼ੁਰੂ ਹੋਇਆ ਸੀ, ਉਹ ਉਸੇ ਦਿਨ ਇਥੇ ਆਏ ਸਨ ਅਤੇ ਜਥੇਬੰਦੀ ਨੂੰ ਪੂਰੀ ਮਦਦ ਦਾ ਭਰੋਸਾ ਦਿੱਤਾ ਸੀ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਨਿਰਮੈਲ ਸਿੰਘ ਹਮਾਂਯੂਪੁਰ, ਕਾਂਗਰਸ ਦੇ ਹਲਕਾ ਡੇਰਾਬੱਸੀ ਦੇ ਮੀਡੀਆ ਇੰਚਾਰਜ ਜਿੰਦਰ ਸਿੰਘ ਤੁਰਕਾ, ਕੁਲਦੀਪ ਸਿੰਘ, ਨੈਬ ਸਿੰਘ ਬਾਜਵਾ, ਕਾਂਗਰਸੀ ਆਗੂ ਸੁੱਖਾ ਮਲਕਪੁਰ, ਕੌਂਸਲਰ ਸੁਸ਼ੀਲ ਮਗਰਾ, ਬਲਕਾਰ ਸਿੰਘ ਦੱਪਰ, ਪ੍ਰਤਾਪ ਰਾਣਾ ਤੇ ਯੁਗਵਿੰਦਰ ਰਾਠੌਰ ਆਦਿ ਹਾਜ਼ਰ ਸਨ |