ਚੰਡੀਗੜ੍ਹ, 18 ਅਕਤੂਬਰ (ਅਜੀਤ ਬਿਊਰੋ)- ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨੇਤਰਹੀਣ ਅਤੇ ਦਿਵਿਆਂਗ ਵਿਅਕਤੀਆਂ ਦੀ ਸਹਾਇਤਾ ਲਈ 84.26 ਲੱਖ ਦੀ ਰਕਮ ਜਾਰੀ ਕੀਤੀ ਗਈ ਹੈ | ਇਹ ਰਕਮ ਦਿਵਿਆਂਗ ਨਾਗਰਿਕਾਂ ਨੂੰ ਆਵਾਜਾਈ ਸਹੂਲਤਾਂ ਮੁਹੱਈਆ ਕਰਨ ਲਈ ਨਿਰਧਾਰਤ ਬਜਟ ਦਾ ਹਿੱਸਾ ਹੈ |ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਨੇਤਰਹੀਣ ਵਿਅਕਤੀਆਂ ਨੂੰ ਸਰਕਾਰੀ ਬੱਸਾਂ ਵਿਚ 100 ਫੀਸਦੀ ਕਿਰਾਏ ਦੀ ਛੂਟ ਦਿੱਤੀ ਗਈ ਹੈ, ਜਦਕਿ ਹੋਰ ਦਿਵਿਆਂਗ ਸ਼੍ਰੇਣੀਆਂ ਦੇ ਵਿਅਕਤੀਆਂ ਨੂੰ 50 ਫੀਸਦੀ, ਅਰਥਾਤ ਅੱਧੇ ਕਿਰਾਏ ਦੀ ਛੂਟ ਹਾਸਲ ਹੈ | ਇਹ ਸਹੂਲਤ 40 ਫੀਸਦੀ ਜਾਂ ਇਸ ਤੋਂ ਵੱਧ ਦਿਵਿਆਂਗਤਾ ਵਾਲੇ ਵਿਅਕਤੀਆਂ ਲਈ ਉਪਲਬਧ ਹੈ | ਡਾ. ਬਲਜੀਤ ਕੌਰ ਨੇ ਦੱਸਿਆ ਕਿ ਸਾਲ 2025-26 ਲਈ ਇਸ ਯੋਜਨਾ ਹੇਠ 3 ਕਰੋੜ 50 ਲੱਖ ਦਾ ਬਜਟ ਉਪਬੰਧ ਕੀਤਾ ਗਿਆ ਹੈ, ਜਿਸ ਵਿਚੋਂ 2 ਕਰੋੜ 61 ਲੱਖ ਦੀ ਰਕਮ ਪਹਿਲਾਂ ਹੀ ਖ਼ਰਚ ਕੀਤੀ ਜਾ ਚੁੱਕੀ ਹੈ | ਹੁਣ ਸਰਕਾਰ ਵਲੋਂ 84.26 ਲੱਖ ਦੀ ਹੋਰ ਰਕਮ ਜਾਰੀ ਕੀਤੀ ਗਈ ਹੈ, ਤਾਂ ਜੋ ਯੋਗ ਲਾਭਪਾਤਰੀਆਂ ਨੂੰ ਇਹ ਸਹੂਲਤ ਨਿਰੰਤਰ ਮਿਲਦੀ ਰਹੇ |