ਡੇਰਾਬੱਸੀ, 18 ਅਕਤੂਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਹਲਕੇ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ ਦੀਵਾਲੀ ਮੌਕੇ ਨਗਰ ਕੌਂਸਲ ਡੇਰਾਬੱਸੀ ਅਧੀਨ ਆਉਂਦੇ 400 ਤੋਂ ਵੱਧ ਕਰਮਚਾਰੀਆਂ ਨੂੰ ਦੀਵਾਲੀ ਦੇ ਉਪਹਾਰ ਵੰਡੇ ਗਏ | ਇਹ ਸਮਾਗਮ ਨਗਰ ਕੌਂਸਲ ਦੀ ਪ੍ਰਧਾਨ ਆਸ਼ੂ ਉਪਨੇਜਾ ਦੇ ਨਿਵਾਸ ਸਥਾਨ ਵਿਖੇ ਕਰਵਾਇਆ ਗਿਆ | ਇਸ ਮੌਕੇ ਆਸ਼ੂ ਉਪਨੇਜਾ ਦੇ ਪਤੀ ਨਰੇਸ਼ ਉਪਨੇਜਾ ਨੇ ਦੱਸਿਆ ਕਿ ਨਗਰ ਕੌਂਸਲ ਦੇ 400 ਤੋਂ ਵੱਧ ਕਰਮਚਾਰੀਆਂ 'ਚ 235 ਸਫ਼ਾਈ ਸੇਵਕ (ਮਹਿਲਾਵਾਂ ਅਤੇ ਪੁਰਸ਼), 9 ਪਲੰਬਰ, 34 ਟਿਊਬਵੈੱਲ ਆਪ੍ਰੇਟਰ ਅਤੇ ਇਲੈਕਟ੍ਰੀਸ਼ਨ ਤੇ ਮਾਲੀ ਸ਼ਾਮਿਲ ਹਨ, ਜਿਨ੍ਹਾਂ ਨੂੰ ਮਠਿਆਈਆਂ ਦੇ ਡੱਬੇ, ਕੰਬਲ ਅਤੇ ਸੂਟ ਤੋਹਫ਼ੇ ਵਜੋਂ ਦਿੱਤੇ ਗਏ | ਇਸ ਮੌਕੇ ਵਿਧਾਇਕ ਰੰਧਾਵਾ ਨੇ ਹਲਕਾ ਵਾਸੀਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਸੁਰੱਖਿਅਤ ਤੇ ਖੁਸ਼ੀਆਂ ਭਰੀ ਗਰੀਨ ਦੀਵਾਲੀ ਮਨਾਉਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਪਟਾਕਿਆਂ ਤੇ ਆਤਿਸ਼ਬਾਜ਼ੀ ਦੌਰਾਨ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ | ਇਸ ਮੌਕੇ ਕੌਂਸਲਰ ਜਸਵਿੰਦਰ ਪਟਵਾਰੀ, ਭੁਪਿੰਦਰ ਸ਼ਰਮਾ, ਦਵਿੰਦਰ ਸੈਦਪੁਰਾ ਅਤੇ ਅਮਿਤ ਵਰਮਾ ਸਮੇਤ ਕਈ ਹੋਰ ਪਤਵੰਤੇ ਵੀ ਹਾਜ਼ਰ ਸਨ |