ਐੱਸ. ਏ. ਐੱਸ. ਨਗਰ, 3 ਨਵੰਬਰ (ਕਪਿਲ ਵਧਵਾ)-ਪੁਲਿਸ ਵਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਖਰੜ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਪਾਸੋਂ ਕੁੱਲ 155 ਗ੍ਰਾਮ ਆਈਸ ਡਰੱਗ ਬਰਾਮਦ ਕੀਤੀ ਹੈ | ਇਸ ਬਾਰੇ ਐਸ. ਪੀ. (ਦਿਹਾਤੀ) ਮਨਪ੍ਰੀਤ ਸਿੰਘ ਨੇ ਦੱਸਿਆ ਕਿ ਖਰੜ ਦੀ ਸਿਟੀ ਪੁਲਿਸ ਨੇ ਬੀਤੀ 25 ਅਕਤੂਬਰ ਨੂੰ ਇਕ ਮਹਿਲਾ ਪਾਸੋਂ 55 ਗ੍ਰਾਮ ਆਈਸ ਡਰੱਗ ਬਰਾਮਦ ਕੀਤੀ ਸੀ, ਜਿਸ ਦੀ ਪਛਾਣ ਪਤਨੀ ਦੁਨੀ ਚੰਦ ਉਰਫ਼ ਵਿਨੋਦ ਕੁਮਾਰ ਮੂਲ ਵਾਸੀ ਰਵਿੰਦਰਾ ਇਨਕਲੇਵ ਬਲਟਾਣਾ (ਜ਼ੀਰਕਪੁਰ) ਤੇ ਹਾਲ ਵਾਸੀ ਐਲ. ਆਈ. ਸੀ. ਕਾਲੋਨੀ ਖਰੜ ਵਜੋਂ ਹੋਈ ਸੀ | ਉਕਤ ਮਹਿਲਾ ਮੁਲਜ਼ਮ ਦੇ ਖ਼ਿਲਾਫ਼ ਪੁਲਿਸ ਨੇ ਐਨ. ਡੀ. ਪੀ. ਐਸ. ਐਕਟ ਦੀ ਧਾਰਾ 22 ਤਹਿਤ ਥਾਣਾ ਸਿਟੀ ਖਰੜ ਵਿਖੇ ਮਾਮਲਾ ਦਰਜ ਕੀਤਾ ਸੀ | ਪੁੱਛਗਿੱਛ ਦੌਰਾਨ ਮਹਿਲਾ ਵਲੋਂ ਦਿੱਤੀ ਗਈ ਸੂਚਨਾ ਦੇ ਆਧਾਰ 'ਤੇ ਪੁਲਿਸ ਟੀਮ ਨੇ ਦਿੱਲੀ 'ਚ ਛਾਪੇਮਾਰੀ ਕਰਦਿਆਂ ਇਕ ਨਾਈਜ਼ੀਰੀਅਨ ਨੂੰ ਗਿ੍ਫ਼ਤਾਰ ਕਰਕੇ ਉਸ ਪਾਸੋਂ 100 ਗ੍ਰਾਮ ਆਈਸ ਡਰੱਗ ਬਰਾਮਦ ਕੀਤੀ | ਇਸ ਮੁਲਜ਼ਮ ਦੀ ਪਛਾਣ ਕਿੰਗਜ਼ਲੇ ਚਾਈਨੋਜ਼ੋ ਮੂਲ ਵਾਸੀ ਨਾਈਜ਼ੀਰੀਆ ਤੇ ਹਾਲ ਵਾਸੀ ਚੰਦਰ ਵਿਹਾਰ (ਸ਼ਿਵ ਵਿਹਾਰ) ਨਵੀਂ ਦਿੱਲੀ ਵਜੋਂ ਹੋਈ | ਉਨ੍ਹਾਂ ਦੱਸਿਆ ਕਿ ਮਹਿਲਾ ਮੁਲਜ਼ਮ ਦੇ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਪਹਿਲਾਂ ਵੀ ਤਿੰਨ ਮਾਮਲੇ ਦਰਜ ਹਨ, ਜਿਨ੍ਹਾਂ 'ਚੋਂ ਪਹਿਲਾ ਮਾਮਲਾ 9 ਜੁਲਾਈ 2022 ਨੂੰ ਅਧੀਨ ਧਾਰਾ 21 (ਬੀ) ਐਨ. ਡੀ. ਪੀ. ਐੱਸ. ਐਕਟ ਤਹਿਤ ਥਾਣਾ ਮੁੱਲਾਂਪੁਰ ਗਰੀਬਦਾਸ ਜ਼ਿਲ੍ਹਾ ਮੁਹਾਲੀ, ਦੂਜਾ ਮਾਮਲਾ 1 ਅਕਤੂਬਰ 2022 ਨੂੰ ਐਨ. ਡੀ. ਪੀ. ਐੱਸ. ਐਕਟ ਦੀ ਧਾਰਾ 22-29 ਤਹਿਤ ਥਾਣਾ ਮੁੱਲਾਂਪੁਰ ਗਰੀਬਦਾਸ ਤੇ ਤੀਜਾ ਮਾਮਲਾ 3 ਅਕਤੂਬਰ 2023 ਨੂੰ ਐਨ. ਡੀ. ਪੀ. ਐੱਸ. ਐਕਟ ਤਹਿਤ ਥਾਣਾ ਬਲੌਂਗੀ ਵਿਖੇ ਦਰਜ ਹੋਇਆ ਸੀ | ਇਸੇ ਤਰ੍ਹਾਂ ਨਾਈਜੀਰੀਅਨ ਮੁਲਜ਼ਮ ਕਿੰਗਜ਼ਲੇ ਚਾਈਨੋਜ਼ੋ ਦੇ ਖ਼ਿਲਾਫ਼ ਵੀ ਪਹਿਲਾਂ ਮੁਕੱਦਮਾ ਨੰਬਰ ਐੱਸ 2021 ਵਿਚ ਅਧੀਨ ਧਾਰਾ 8 (ਸੀ), 21 (ਸੀ) ਅਤੇ 23 ਐਨ. ਡੀ. ਪੀ. ਐਸ. ਐਕਟ ਤਹਿਤ ਥਾਣਾ ਨਾਰਕੋਟਿਕ ਕੰਟਰੋਲ ਬਿਊਰੋ ਦਿੱਲੀ ਵਿਖੇ ਦਰਜ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ |