ਜ਼ੀਰਕਪੁਰ, 19 ਦਸੰਬਰ (ਹੈਪੀ ਪੰਡਵਾਲਾ)-ਦਿੱਲੀ ਵਰਲਡ ਪਬਲਿਕ ਸਕੂਲ ਜ਼ੀਰਕਪੁਰ 'ਚ ਸਾਲਾਨਾ ਸਮਾਗਮ ਧੂਮਧਾਮ ਨਾਲ ਮਨਾਇਆ | 'ਕਹਾਣੀਆਂ ਦੀ ਦੁਨੀਆ' ਥੀਮ ਹੇਠ ਕਰਵਾਏ ਸਮਾਗਮ 'ਚ ਵਿਦਿਆਰਥੀਆਂ ਵਲੋਂ ਵੱਖ-ਵੱਖ ਕਹਾਣੀਆਂ ਦੇ ਪਾਤਰਾਂ ਦੇ ਕਿਰਦਾਰ ਬਾਖ਼ੂਬੀ ਨਿਭਾਏ ਗਏ | ਪ੍ਰੋਗਰਾਮ ਦਾ ਸਮੁੱਚਾ ਪ੍ਰਬੰਧ ਸਕੂਲ ਦੀ ਡਾਇਰੈਕਟਰ ਪਿ੍ੰਸੀਪਲ ਡਾ. ਮਨੀਸ਼ਾ ਸਾਹਨੀ ਦੀ ਨਿਗਰਾਨੀ ਹੇਠ ਹੋਇਆ | ਇਸ ਦੌਰਾਨ ਹਰੇਕ ਕਲਾਸ ਦੇ ਵਿਦਿਆਰਥੀਆਂ ਨੇ ਪ੍ਰੋਗਰਾਮ 'ਚ ਸਰਗਰਮ ਭੂਮਿਕਾ ਨਿਭਾਈ | ਇਸ ਮੌਕੇ ਕਲਾਸ ਦੂਜੀ ਤੇ ਤੀਜੀ ਦੇ ਨੰਨ੍ਹੇ ਵਿਦਿਆਰਥੀਆਂ ਨੇ 'ਦ ਜੰਗਲ ਬੁੱਕ' ਦੀ ਸੰਗੀਤਮਈ ਪੇਸ਼ਕਾਰੀ ਨਾਲ ਦਰਸ਼ਕਾਂ ਦੇ ਦਿਲ ਜਿੱਤ ਲਏ, ਜਦਕਿ ਕਲਾਸ ਚੌਥੀ ਦੇ ਵਿਦਿਆਰਥੀਆਂ ਵਲੋਂ ਇਕ ਕਹਾਣੀ ਤਿੰਨ ਭਾਸ਼ਾਵਾਂ ਦੀ ਪੇਸ਼ਕਾਰੀ ਕਰਦਿਆਂ ਤਿੰਨ ਭਾਸ਼ਾਵਾਂ 'ਚ ਬਹੁਤ ਵਧੀਆ ਢੰਗ ਨਾਲ ਪ੍ਰਤਿਭਾ ਦਿਖਾਈ ਗਈ | ਇਸੇ ਤਰ੍ਹਾਂ ਕਲਾਸ ਪੰਜਵੀਂ ਅਤੇ ਛੇਵੀਂ ਦੇ ਵਿਦਿਆਰਥੀਆਂ ਨੇ ਭਗਤੀ ਰੰਗ ਤਹਿਤ ਕਵਾਲੀ ਤੇ ਕਲਾਸਿਕ ਡਾਂਸ ਦੀ ਪੇਸ਼ਕਾਰੀ ਕੀਤੀ, ਜਿਸ ਰਾਹੀਂ ਦੱਸਿਆ ਗਿਆ ਕਿ ਕਿਵੇਂ ਕਹਾਣੀਆਂ ਪੁਰਾਤਨ ਸਮੇਂ 'ਚ ਸੰਗੀਤ ਅਤੇ ਗਾਥਾਵਾਂ ਰਾਹੀਂ ਬਿਆਨ ਹੁੰਦੀਆਂ ਸਨ | ਇਸ ਨਵੀਨ ਵਿਚਾਰ ਅਤੇ ਅਧਿਆਤਮਿਕ ਰੰਗ ਨੂੰ ਦਰਸ਼ਕਾਂ ਵਲੋਂ ਖ਼ੂਬ ਸਲਾਹਿਆ ਗਿਆ | ਇਸੇ ਤਰ੍ਹਾਂ ਕਲਾਸ 7ਵੀਂ ਵਲੋਂ ਕੈਫ਼ੇ ਦਾ ਪ੍ਰਬੰਧ ਕੀਤਾ, ਜਿਥੇ ਮਾਪਿਆਂ ਨੂੰ ਭਾਰਤੀ ਵਿਅੰਜਨਾਂ ਦੇ ਸਵਾਦਾਂ ਰਾਹੀਂ ਕਹਾਣੀਆਂ ਦਾ ਅਨੰਦ ਮਾਨਣ ਦਾ ਮੌਕਾ ਮਿਲਿਆ | ਸਾਹਿਤ ਤੇ ਰਸੋਈ ਕਲਾ ਦਾ ਇਹ ਵਿਲੱਖਣ ਮਿਲਾਪ ਸਭ ਲਈ ਯਾਦਗਾਰ ਬਣਿਆ | ਕਲਾਸ 8ਵੀਂ ਦੇ ਵਿਦਿਆਰਥੀਆਂ ਨੇ ਪ੍ਰਸਿੱਧ ਜਾਸੂਸੀ ਕਿਰਦਾਰ ਬਯੋਮਕੇਸ਼ ਬਖ਼ਸ਼ੀ ਤੋਂ ਪ੍ਰੇਰਿਤ ਬਚਣ ਵਾਲਾ ਕਮਰਾ ਤਿਆਰ ਕੀਤਾ | ਉਥੇ ਹੀ ਕਲਾਸ 9ਵੀਂ ਤੇ 10ਵੀਂ ਦੇ ਵਿਦਿਆਰਥੀਆਂ ਨੇ ਆਪਣੀਆਂ ਕਲਾਸਾਂ ਨੂੰ ਕਲਪਨਾਤਮਿਕ ਅਦਾਲਤਾਂ 'ਚ ਤਬਦੀਲ ਕੀਤਾ, ਜਿਥੇ ਕਈ ਤੱਥਾਂ 'ਤੇ ਚਰਚਾ ਕੀਤੀ ਗਈ | ਇਸ ਮੌਕੇ ਪਿ੍ੰਸੀਪਲ ਡਾ. ਸਾਹਨੀ ਨੇ ਆਖਿਆ ਕਿ ਉਨ੍ਹਾਂ ਦਾ ਉਦੇਸ਼ ਸਿੱਖਿਆ ਨੂੰ ਸਿਰਫ਼ ਪਾਠ ਪੁਸਤਕਾਂ ਤੱਕ ਸੀਮਿਤ ਰੱਖਣਾ ਨਹੀਂ ਹੈ, ਸਗੋਂ ਵਿਦਿਆਰਥੀ ਗਿਆਨ ਨੂੰ ਕਲਾ ਪ੍ਰਦਰਸ਼ਨ ਤੇ ਰਚਨਾਤਮਿਕਤਾ ਰਾਹੀਂ ਮਹਿਸੂਸ ਕਰਨਾ ਹੈ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ |