ਡੇਰਾਬੱਸੀ, 19 ਦਸੰਬਰ (ਰਣਬੀਰ ਸਿੰਘ ਪੜ੍ਹੀ)-ਪਿੰਡ ਸੋਹਾਣਾ ਵਿਖੇ ਬੀਤੀ 15 ਦਸੰਬਰ ਨੂੰ ਕਬੱਡੀ ਟੂਰਨਾਮੈਂਟ ਦੌਰਾਨ ਰਾਣਾ ਬਲਾਚੌਰੀਆ ਦਾ ਗੈਂਗਸਟਰਾਂ ਵਲੋਂ ਕਤਲ ਕੀਤੇ ਜਾਣ ਦੀ ਘਟਨਾ ਨੇ ਖੇਡ ਮਾਹੌਲ ਨੂੰ ਹਿਲਾ ਕੇ ਰੱਖ ਦਿੱਤਾ ਹੈ | ਕਤਲ-ਕਾਂਡ ਦੀ ਪਰਛਾਵਾਂ ਹੁਣ ਡੇਰਾਬੱਸੀ ਤੱਕ ਆ ਪਹੁੰਚਿਆ ਹੈ, ਜਿਸ ਕਾਰਨ ਪਿੰਡ ਬਿਜਨਪੁਰ ਵਿਖੇ ਹੋਣ ਵਾਲਾ ਮੈਗਾ ਕਬੱਡੀ ਟੂਰਨਾਮੈਂਟ ਆਖ਼ਰੀ ਵੇਲੇ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ | ਹੈਰਾਨੀਜਨਕ ਗੱਲ ਇਹ ਹੈ ਕਿ ਟੂਰਨਾਮੈਂਟ ਲਈ ਪੁਲਿਸ ਤੇ ਪ੍ਰਸ਼ਾਸਨ ਤੋਂ ਲਗਪਗ 1 ਮਹੀਨਾ ਪਹਿਲਾਂ ਹੀ ਮਨਜ਼ੂਰੀ ਮਿਲ ਚੁੱਕੀ ਸੀ ਅਤੇ ਤਿਆਰੀਆਂ ਆਖ਼ਰੀ ਪੜਾਅ 'ਚ ਸਨ | ਜਾਣਕਾਰੀ ਮੁਤਾਬਿਕ ਪਿੰਡ ਬਿਜ਼ਨਪੁਰ ਦੇ ਖੇਡ ਮੈਦਾਨ 'ਚ 22 ਦਸੰਬਰ ਨੂੰ 18ਵਾਂ ਕਬੱਡੀ ਕੱਪ ਕਰਵਾਇਆ ਜਾਣਾ ਸੀ | ਟੂਰਨਾਮੈਂਟ ਪ੍ਰਬੰਧਕ ਗੁਰਜੰਟ ਗੁੱਜਰ ਨੇ ਦੱਸਿਆ ਕਿ ਮੁਹਾਲੀ ਕਤਲ-ਕਾਂਡ ਤੋਂ ਬਾਅਦ ਉਨ੍ਹਾਂ ਨੂੰ ਵੀ ਡਰ ਸੀ ਕਿ ਕਿਧਰੇ ਇਸ ਦਾ ਅਸਰ ਪਿੰਡ ਬਿਜ਼ਨਪੁਰ ਦੇ ਟੂਰਨਾਮੈਂਟ 'ਤੇ ਨਾ ਪਵੇ | ਸਮੁੱਚੇ ਮਾਹੌਲ ਨੂੰ ਦੇਖਦਿਆਂ ਪ੍ਰਸ਼ਾਸਨ ਦੀ ਸਲਾਹ ਅਨੁਸਾਰ ਟੂਰਨਾਮੈਂਟ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ | ਓਧਰ ਐੱਸ. ਡੀ. ਐੱਮ. ਅਮਿਤ ਗੁਪਤਾ ਨੇ ਵੀ ਸਪੱਸ਼ਟ ਕੀਤਾ ਕਿ ਪ੍ਰਸ਼ਾਸਨ ਵਲੋਂ ਕੋਈ ਮਨਜ਼ੂਰੀ ਰੱਦ ਨਹੀਂ ਕੀਤੀ ਗਈ ਤੇ ਜੇਕਰ ਟੂਰਨਾਮੈਂਟ ਮੁਲਤਵੀ ਕੀਤਾ ਗਿਆ ਹੈ ਤਾਂ ਇਹ ਪ੍ਰਬੰਧਕਾਂ ਦਾ ਆਪਣਾ ਫ਼ੈਸਲਾ ਹੈ |