ਐੱਸ. ਏ. ਐੱਸ. ਨਗਰ, 19 ਦਸੰਬਰ (ਕਪਿਲ ਵਧਵਾ)-ਸਥਾਨਕ ਸੈਕਟਰ-91 ਨਜ਼ਦੀਕ ਐਕਟਿਵਾ ਸਵਾਰ ਦੋ ਲੜਕੀਆਂ ਦੀ ਟਰੱਕ ਦੀ ਟੱਕਰ ਲੱਗਣ ਕਾਰਨ ਮੌਤ ਹੋ ਗਈ | ਜਾਣਕਾਰੀ ਅਨੁਸਾਰ ਵੀਰਵਾਰ ਨੂੰ ਐਕਟਿਵਾ 'ਤੇ ਸਵਾਰ ਹੋ ਕੇ ਬਰਨਾਲਾ ਦੀ ਰਹਿਣ ਵਾਲੀ ਅਮਨਪ੍ਰੀਤ ਕੌਰ (30) ਅਤੇ ਮੋਗਾ ਨਾਲ ਸੰਬੰਧਤ ਸਰਬਜੀਤ ਕੌਰ (35) ਸੈਕਟਰ-70 ਮੁਹਾਲੀ ਤੋਂ ਲਾਂਡਰਾਂ ਵੱਲ ਨੂੰ ਜਾ ਰਹੀਆਂ ਸਨ ਅਤੇ ਇਸੇ ਦੌਰਾਨ ਜਦੋਂ ਉਹ ਸੈਕਟਰ-91 ਦੀਆਂ ਲਾਈਟਾਂ 'ਤੇ ਪਹੁੰਚੀਆਂ ਤਾਂ ਪਿੱਛੋਂ ਆ ਰਹੇ ਕੰਟੇਨਰ ਨਾਲ ਲੋਡਿਡ ਪੀ. ਬੀ. 10 ਨੰਬਰੀ ਟਰੱਕ ਨੇ ਉਨ੍ਹਾਂ ਨੂੰ ਪਾਰ ਕਰਦੇ ਸਮੇਂ ਟੱਕਰ ਮਾਰ ਦਿੱਤੀ | ਨਤੀਜੇ ਵਜੋਂ ਉਹ ਪਹਿਲਾਂ ਟਰੱਕ ਨਾਲ ਟਕਰਾਈਆਂ ਅਤੇ ਸੰਤੁਲਨ ਖ਼ਰਾਬ ਹੋਣ ਦੇ ਚਲਦਿਆਂ ਅੱਗੇ ਜਾ ਰਹੇ ਟਰਾਲੀ ਦੇ ਪਿਛਲੇ ਟਾਇਰਾਂ ਨਾਲ ਜਾ ਟਕਰਾਈਆਂ | ਹਾਦਸੇ 'ਚ ਉਨ੍ਹਾਂ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਰਾਹਗੀਰਾਂ ਵਲੋਂ ਪੁਲਿਸ ਕੰਟਰੋਲ ਰੂਮ ਵਿਖੇ ਸੂਚਨਾ ਦਿੱਤੀ ਗਈ | ਹਾਦਸੇ ਦੀ ਜਾਣਕਾਰੀ ਮਿਲਣ ਉਪਰੰਤ ਥਾਣਾ ਸੋਹਾਣਾ ਵਿਖੇ ਤਾਇਨਾਤ ਹੈੱਡ ਕਾਂਸਟੇਬਲ ਸਾਹਿਬ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ, ਜਿਸ ਵਲੋਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ, ਪਰ ਖ਼ੂਨ ਜ਼ਿਆਦਾ ਵਹਿਣ ਕਾਰਨ ਦੋਵਾਂ ਲੜਕੀਆਂ ਦੀ ਜ਼ੇਰੇ ਇਲਾਜ ਮੌਤ ਹੋ ਗਈ | ਹਾਦਸੇ ਮੌਕੇ ਸਰਬਜੀਤ ਕੌਰ ਐਕਟਿਵਾ ਚਲਾ ਰਹੀ ਸੀ, ਜਦ ਕਿ ਅਮਨਪ੍ਰੀਤ ਕੌਰ ਉਸ ਦੇ ਪਿੱਛੇ ਬੈਠੀ ਸੀ | ਫ਼ਿਲਹਾਲ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਐੱਚ. ਸੀ. ਸਾਹਿਬ ਸਿੰਘ ਨੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰ ਲਈ ਹੈ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਮਨਦੀਪ ਕੌਰ ਤੇ ਸਰਬਜੀਤ ਕੌਰ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਉਪਰੰਤ ਅੱਜ ਵਾਰਸਾਂ ਦੇ ਹਵਾਲੇ ਕਰ ਦਿੱਤਾ | ਮਾਮਲੇ ਦੀ ਜਾਂਚ ਜਾਰੀ ਹਹੈ ਤੇ ਟਰੱਕ ਚਾਲਕ ਦੀ ਪਛਾਣ ਹੋ ਗਈ ਹੈ, ਜਿਸ ਨੂੰ ਜਲਦ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ |