ਐੱਸ. ਏ. ਐੱਸ. ਨਗਰ, 19 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਨੇ ਚਿਤਾਵਨੀ ਦਿੱਤੀ ਹੈ ਕਿ ਸਫ਼ਾਈ ਸੇਵਕਾਂ ਵਲੋਂ ਨਵੇਂ ਸਾਲ ਦੀ ਆਮਦ ਮੌਕੇ ਸ਼ਹਿਰ ਦੀ ਸਫ਼ਾਈ ਦਾ ਕੰਮ ਠੱਪ ਕਰਕੇ ਅਣਮਿੱਥੇ ਸਮੇਂ ਦੀ ਹੜਤਾਲ 'ਤੇ ਜਾਣ ਦੀ ਚਿਤਾਵਨੀ ਦਿੱਤੀ ਗਈ ਹੈ | ਇਸ ਸੰਬੰਧੀ ਨਿਗਮ ਭਵਨ ਸੈਕਟਰ-68 ਮੁਹਾਲੀ ਵਿਖੇ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ ਤੋਂ ਬਾਅਦ ਫੈਡਰੇਸ਼ਨ ਆਗੂਆਂ ਪਵਨ ਗੋਡਿਆਲ, ਮੋਹਣ ਸਿੰਘ, ਅਨਿਲ ਕੁਮਾਰ, ਯਸ਼ਪਾਲ, ਬਲਿੰਦਰ ਸਿੰਘ ਤੇ ਬਲਕੇਸ਼ ਕੁਮਾਰ ਆਦਿ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੇ ਵੱਡੇ ਆਗੂਆਂ ਨਾਲ ਮਿਲ ਕੇ ਉਨ੍ਹਾਂ ਦੇ ਕਰੀਬੀਆਂ ਦੀਆਂ ਠੇਕੇਦਾਰ ਕੰਪਨੀਆਂ ਨੂੰ ਘਰ-ਘਰ ਤੋਂ ਕੂੜਾ ਚੁੱਕਣ ਦਾ ਕੰਮ ਦੇਣ ਦੀ ਆੜ ਵਿਚ ਮੁਹਾਲੀ ਸਮੇਤ ਪੰਜਾਬ ਨੂੰ ਲੁੱਟਣ ਦੀ ਤਿਆਰੀ 'ਚ ਹਨ, ਪਰ ਪੰਜਾਬ ਦਾ ਵਾਲਮੀਕਿ ਸਮਾਜ ਦਿੱਲੀ ਵਾਲਿਆਂ ਦੇ ਇਸ ਪ੍ਰਾਜੈਕਟ ਨੂੰ ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਹੋਣ ਦੇਵੇਗਾ | ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸਮੁੱਚੇ ਸੂਬੇ ਵਿਚਲੇ ਠੇਕਿਆਂ ਦਾ ਵਿਰੋਧ ਕੀਤਾ ਜਾਵੇਗਾ ਅਤੇ ਕਿਸੇ ਵੀ ਕੀਮਤ 'ਤੇ ਇਹ ਪ੍ਰਾਜੈਕਟ ਲਾਗੂ ਨਹੀਂ ਹੋਣ ਦਿੱਤੇ ਜਾਣਗੇ | ਉਨ੍ਹਾਂ ਕਿਹਾ ਕਿ ਬੀਤੀ 27 ਅਕਤੂਬਰ ਨੂੰ ਸੂਬਾ ਪੱਧਰੀ ਲੀਡਰਸ਼ਿਪ ਵਲੋਂ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਸਥਾਨਕ ਸਰਕਾਰ ਵਿਭਾਗ ਦੇ ਮੰਤਰੀ ਡਾ. ਰਵਜੋਤ ਸਿੰਘ ਨਾਲ ਮੀਟਿੰਗ ਕਰਕੇ ਸਪੱਸ਼ਟ ਕੀਤਾ ਗਿਆ ਸੀ ਕਿ ਜਦੋਂ ਤੱਕ ਸੂਬਾ ਪੱਧਰ 'ਤੇ ਸਰਕਾਰ ਨਾਲ ਸੋਲਿਡ ਵੇਸਟ ਮੈਨੇਜਮੈਂਟ ਦੇ ਨਾਂਅ 'ਤੇ ਦਿੱਤੇ ਜਾ ਰਹੇ ਠੇਕਿਆਂ ਸੰਬੰਧੀ ਯੂਨੀਅਨ ਨਾਲ ਕੋਈ ਗੱਲਬਾਤ ਜਾਂ ਸਹਿਮਤੀ ਨਹੀਂ ਹੁੰਦੀ, ਉਦੋਂ ਤੱਕ ਸਾਰੇ ਪੰਜਾਬ ਵਿਚ ਦਿੱਤੇ ਗਏ ਠੇਕੇ ਲਾਗੂ ਨਾ ਕੀਤੇ ਜਾਣ |