ਪੰਚਕੂਲਾ, 20 ਦਸੰਬਰ (ਕਪਿਲ)-ਸ਼ਹਿਰ 'ਚ ਚੋਰੀ ਦੀਆਂ ਘਟਨਾਵਾਂ 'ਤੇ ਕਾਬੂ ਪਾਉਂਦਿਆਂ ਪੰਚਕੂਲਾ ਪੁਲਿਸ ਦੀ ਕ੍ਰਾਈਮ ਬ੍ਰਾਂਚ ਸੈਕਟਰ-19 ਦੀ ਟੀਮ ਨੇ ਇਕ ਚੋਰ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ | ਇਸ ਮੁਲਜ਼ਮ ਸੁੰਨੇ ਤੇ ਬੰਦ ਪਏ ਘਰਾਂ ਨੂੰ ਨਿਸ਼ਾਨਾ ਬਣਾਉਂਦਾ ਸੀ ਅਤੇ ਨਾਲ ਹੀ ਝਪਟਮਾਰੀ ਦੀਆਂ ਘਟਨਾਵਾਂ ਨੂੰ ਵੀ ਅੰਜਾਮ ਦਿੰਦਾ ਸੀ | ਇਸ ਬਾਬਤ ਏ. ਸੀ. ਪੀ. ਕ੍ਰਾਈਮ ਅਰਵਿੰਦ ਕੰਬੋਜ ਨੇ ਦੱਸਿਆ ਕਿ ਸੈਕਟਰ-17 ਦੇ ਰਹਿਣ ਵਾਲੇ ਇਕ ਵਿਅਕਤੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਸੀ ਕਿ ਬੀਤੀ 25 ਅਗਸਤ ਨੂੰ ਉਹ ਮਾਤਾ ਵੈਸ਼ਨੂੰ ਦੇਵੀ ਦੇ ਦਰਸ਼ਨਾਂ ਲਈ ਗਏ ਹੋਏ ਸਨ | ਵਾਪਸ ਆਉਣ 'ਤੇ ਉਨ੍ਹਾਂ ਜਦੋਂ ਦੇਖਿਆ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਅੰਦਰੋਂ ਸੋਨੇ-ਚਾਂਦੀ ਦੇ ਗਹਿਣੇ ਗਾਇਬ ਸਨ | ਇਸ ਸੰਬੰਧ 'ਚ ਥਾਣਾ ਸੈਕਟਰ-14 ਵਿਖੇ ਮਾਮਲਾ ਦਰਜ ਕੀਤਾ ਗਿਆ ਸੀ | ਇਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਸੈਕਟਰ-19 ਦੇ ਇੰਚਾਰਜ ਮੁਕੇਸ਼ ਸੈਣੀ ਦੀ ਅਗਵਾਈ ਹੇਠ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਬੀਤੀ 17 ਦਸੰਬਰ ਨੂੰ ਰਾਜੀਵ ਕਾਲੋਨੀ ਦੇ ਰਹਿਣ ਵਾਲੇ ਰੋਹਿਤ ਉਰਫ਼ ਵਿਨੋਦੀ ਨੂੰ ਪਿੰਡ ਬੁੱਢਣ ਪੁਰ ਤੋਂ ਗਿ੍ਫ਼ਤਾਰ ਕਰ ਲਿਆ, ਜਿਸ ਨੇ ਪੁੱਛਗਿੱਛ ਦੌਰਾਨ ਕਬੂਲ ਕੀਤਾ ਕਿ ਉਸ ਨੇ ਇਸ ਵਾਰਦਾਤ ਤੋਂ ਇਲਾਵਾ ਪੰਚਕੂਲਾ 'ਚ ਹੋਰ ਚਾਰ ਘਰਾਂ 'ਚ ਚੋਰੀ ਤੇ ਇਕ ਝਪਟਮਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ | ਉਸ ਨੇ ਮੰਨਿਆ ਕਿ ਉਹ ਪਹਿਲਾਂ ਘਰਾਂ ਦੀ ਰੇਕੀ ਕਰਦਾ ਸੀ ਅਤੇ ਘਰ ਸੁੰਨਾ ਹੋਣ 'ਤੇ ਚੋਰੀ ਕਰਦਾ ਸੀ | ਮੁਲਜ਼ਮ ਨੂੰ ਬੀਤੀ 18 ਦਸੰਬਰ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਨੇ ਉਸ ਦਾ ਦੋ ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਸੀ | ਪੁਲਿਸ ਰਿਮਾਂਡ ਦੌਰਾਨ ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਪੁਲਿਸ ਨੇ ਸੋਨੇ ਦੇ ਝੂਮਕਿਆਂ ਦੀ ਜੋੜੀ, ਇਕ ਸੋਨੇ ਦੀ ਅੰਗੂਠੀ, ਚਾਂਦੀ ਦੀ ਪਾਇਲ ਅਤੇ ਇਕ ਚਾਂਦੀ ਦਾ ਸਿੱਕਾ ਬਰਾਮਦ ਕੀਤਾ ਹੈ | ਇਸ ਤੋਂ ਬਾਅਦ ਪੁਲਿਸ ਵਲੋਂ ਮੁੜ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਉਸ ਨੂੰ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ |