ਚੰਡੀਗੜ੍ਹ, 20 ਦਸੰਬਰ (ਬਲਜਿੰਦਰ ਸਿੰਘ ਹਾਂਡਾ)-ਮਹਾਂਰਿਸ਼ੀ ਦਯਾਨੰਦ ਪਬਲਿਕ ਸਕੂਲ, ਐਮ. ਡੀ. ਏ. ਵੀ. ਭਵਨ ਦਰਿਆ ਚੰਡੀਗੜ੍ਹ ਦਾ ਸਾਲਾਨਾ ਸਮਾਗਮ ਸਕਿੰਦਰਾ ਦੇਵੀ ਮਲਟੀਮੀਡੀਆ ਹਾਲ ਵਿਖੇ ਮਨਾਇਆ | ਸਮਾਗਮ ਦਾ ਉਦਘਾਟਨ ਐਨ. ਆਰ. ਆਈ. ਸੁਦਰਸ਼ਨ ਗਰਗ ਤੇ ਐਨ. ਆਰ. ਆਈ. ਅਨੀਤਾ ਗਰਗ, ਸ਼ਿਕਾਗੋ, ਅਮਰੀਕਾ ਦੁਆਰਾ ਕੀਤਾ | ਮੁੱਖ ਮਹਿਮਾਨ ਡੀ. ਏ. ਵੀ. ਕਾਲਜ ਮੈਨੇਜਿੰਗ ਕਮੇਟੀ, ਨਵੀਂ ਦਿੱਲੀ ਦੇ ਸਕੱਤਰ ਰਵਿੰਦਰ ਤਲਵਾਰ ਸਨ | ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰੇਮ ਵਿਜ ਨੇ ਕੀਤੀ ਤੇ ਅਨਿਲ ਦੂਬੇ ਵਿਸ਼ੇਸ਼ ਮਹਿਮਾਨ ਸਨ | ਮਹਿਮਾਨਾਂ ਦਾ ਸਵਾਗਤ ਸੁਰੀਲੇ ਬੈਂਡ ਸੰਗੀਤ ਅਤੇ ਤਿਲਕ ਸਮਾਰੋਹ ਨਾਲ ਕੀਤਾ | ਪ੍ਰੋਗਰਾਮ ਦੀ ਸ਼ੁਰੂਆਤ ਗਾਇਤਰੀ ਮੰਤਰ ਦੇ ਪਾਠ ਅਤੇ ਦੀਵੇ ਜਗਾਉਣ ਨਾਲ ਹੋਈ | ਚੌਥੀ ਜਮਾਤ ਦੇ ਵਿਦਿਆਰਥੀਆਂ ਦੁਆਰਾ ਪੇਸ਼ ਕੀਤੀ ਗਈ ਸਰਸਵਤੀ ਵੰਦਨਾ ਨੇ ਸਾਰਿਆਂ ਨੂੰ ਮੋਹਿਤ ਕਰ ਦਿੱਤਾ | ਪੰਜਵੀਂ ਜਮਾਤ ਦੁਆਰਾ ਪੇਸ਼ ਕੀਤਾ ਨਾਟਕ 'ਸੈਲਫਿਸ਼ ਜਾਇੰਟ', ਚੌਥੀ ਜਮਾਤ ਦੁਆਰਾ ਮੋਬਾਈਲ ਫ਼ੋਨ 'ਤੇ ਇਕ ਨਾਟਕ, ਸੱਤਵੀਂ ਜਮਾਤ ਦੁਆਰਾ ਪਦਮਾਵਤੀ 'ਤੇ ਇਕ ਨਾਟਕ ਤੇ ਅੱਠਵੀਂ ਜਮਾਤ ਦੁਆਰਾ ਇਕ ਮਾਈਮ ਦਰਸ਼ਕਾਂ ਦੇ ਮੁੱਖ ਆਕਰਸ਼ਨ ਸਨ | ਇਸ ਤੋਂ ਇਲਾਵਾ, ਛੇਵੀਂ ਜਮਾਤ ਦੀਆਂ ਕੁੜੀਆਂ ਦੁਆਰਾ ਨਾਚ ਪੇਸ਼ਕਾਰੀਆਂ, ਅੱਠਵੀਂ ਤੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਬੁਢਾਪੇ ਦੇ ਨਾਚ ਤੇ ਸਿੱਖਿਆ ਦੇ ਮੁੱਲ 'ਤੇ ਆਧਾਰਿਤ ਨਾਟਕ ਪੇਸ਼ਕਾਰੀਆਂ ਨੇ ਸਮਾਜਿਕ ਸੰਦੇਸ਼ ਦਿੱਤੇ | ਹਰਿਆਣਵੀ ਨਾਚ, ਗਿੱਧਾ ਤੇ ਰੰਗੀਨ ਲੋਕ ਨਾਚਾਂ ਨੇ ਪ੍ਰੋਗਰਾਮ ਦੀ ਸ਼ਾਨ ਵਿਚ ਵਾਧਾ ਕੀਤਾ | ਸਕੂਲ ਦੇ ਪਿ੍ੰਸੀਪਲ ਡਾ. ਵਿਨੋਦ ਸ਼ਰਮਾ ਨੇ ਸਾਲਾਨਾ ਰਿਪੋਰਟ ਪੇਸ਼ ਕੀਤੀ | ਮੁੱਖ ਮਹਿਮਾਨ ਰਵਿੰਦਰ ਤਲਵਾੜ ਨੇ ਸਕੂਲ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਇਕ ਆਧੁਨਿਕ ਸ਼ਹਿਰੀ ਸਕੂਲ ਦੀ ਨੁਮਾਇੰਦਗੀ ਕਰਦਾ ਹੈ, ਨਾ ਕਿ ਪੇਂਡੂ ਸਕੂਲ, ਜੋ ਆਪਣੇ ਵਿਦਿਆਰਥੀਆਂ ਨੂੰ ਸਾਰੀਆਂ ਜ਼ਰੂਰੀ ਤੇ ਉੱਨਤ ਸਹੂਲਤਾਂ ਪ੍ਰਦਾਨ ਕਰਦਾ ਹੈ | ਸਾਬਕਾ ਡਿਪਟੀ ਮੇਅਰ ਅਨਿਲ ਦੂਬੇ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਸਕੂਲ ਰਾਸ਼ਟਰ ਨਿਰਮਾਣ ਵਿਚ ਆਪਣੀ ਮਹੱਤਵਪੂਰਨ ਭੂਮਿਕਾ ਨੂੰ ਸਫਲਤਾਪੂਰਵਕ ਨਿਭਾ ਰਿਹਾ ਹੈ | ਸਮਾਗਮ ਦੀ ਪ੍ਰਧਾਨਗੀ ਕਰਨ ਵਾਲੇ ਪ੍ਰਸਿੱਧ ਸਾਹਿਤਕਾਰ ਪ੍ਰੇਮ ਵਿਜ ਨੇ ਟਿੱਪਣੀ ਕੀਤੀ ਕਿ ਸਾਲਾਨਾ ਸਮਾਗਮ ਇਕ ਯਾਦਗਾਰੀ ਸਮਾਗਮ ਬਣ ਗਿਆ ਹੈ | ਸਕੂਲ ਦੇ ਸਰਪ੍ਰਸਤ ਸੁਦਰਸ਼ਨ ਗਰਗ ਨੇ ਧੰਨਵਾਦ ਕੀਤਾ | ਪ੍ਰੋਗਰਾਮ ਦੌਰਾਨ ਜੇ. ਪੀ. ਰਾਣਾ, ਮਹਿੰਦਰ ਦੂਬੇ, ਓ. ਪੀ. ਯਾਦਵ, ਨੀਰਜ ਕੁਮਾਰ ਅਤੇ ਵਿਨੈ ਵੀ ਮੌਜੂਦ ਸਨ |