ਚੰਡੀਗੜ੍ਹ, 26 ਦਸੰਬਰ (ਕਪਿਲ ਵਧਵਾ)ਚੰਡੀਗੜ੍ਹ ਪੁਲਿਸ ਦੇ ਥਾਣਾ ਕ੍ਰਾਈਮ ਸੈਕਟਰ-11 ਨੇ ਨਕਲੀ ਭਾਰਤੀ ਕਰੰਸੀ ਛਾਪਣ ਤੇ ਸਪਲਾਈ ਕਰਨ ਵਾਲੇ ਅੰਤਰਰਾਜੀ ਗਰੋਹ ਨੂੰ ਬੇਨਕਾਬ ਕਰਦਿਆਂ ਪੰਜ ਨੌਜਵਾਨ ਨੂੰ ਗਿ੍ਫ਼ਤਾਰ ਕਰਨ 'ਚ ਕਾਮਯਾਬੀ ਹਾਸਿਲ ਕੀਤੀ ਹੈ | ਟੀਮ ਨੇ ਰੇਡ ਦੌਰਾਨ 500, 200, 100 ਤੇ 50 ਰੁਪਏ ਦੇ ਕੁਲ 1777 ਨੋਟ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਕੁਲ ਕੀਮਤ 7,17,400 ਰੁਪਏ ਬਣਦੀ ਹੈ | ਇਸ ਤੋਂ ਇਲਾਵਾ ਪੁਲਿਸ ਨੇ ਪਿ੍ੰਟਰ, ਲੈਪਟਾਪ, ਟੈਬਲੇਟ, ਪਿ੍ੰਟਿੰਗ ਸਾਮਾਨ ਤੇ ਇਕ ਬਰੇਜ਼ਾ ਕਾਰ ਵੀ ਕਬਜ਼ੇ 'ਚ ਲਈ ਹੈ | ਪੁਲਿਸ ਅਧਿਕਾਰੀਆਂ ਅਨੁਸਾਰ ਇਹ ਗਰੋਹ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਜੰਮੂ-ਕਸ਼ਮੀਰ 'ਚ ਫੈਲਿਆ ਹੋਇਆ ਸੀ ਅਤੇ ਲੰਮੇ ਸਮੇਂ ਤੋਂ ਨਕਲੀ ਕਰੰਸੀ ਦੀ ਸਪਲਾਈ ਦਾ ਜਾਲ ਚਲਾ ਰਿਹਾ ਸੀ | ਜਾਣਕਾਰੀ ਅਨੁਸਾਰ 19 ਦਸੰਬਰ ਨੂੰ ਆਈ. ਐਸ. ਬੀ. ਟੀ.-43 ਨੇੜੇ ਗਸ਼ਤ ਦੌਰਾਨ ਪੁਲਿਸ ਨੂੰ ਖ਼ੁਫ਼ੀਆ ਜਾਣਕਾਰੀ ਮਿਲੀ ਸੀ, ਕਿ ਜੰਮੂ-ਕਸ਼ਮੀਰ ਦਾ ਰਹਿਣ ਵਾਲਾ ਅਵਿਨਾਸ਼ ਕੁਮਾਰ, ਜੋ ਕਿ ਰਾਜਸਥਾਨ ਪੁਲਿਸ ਨੂੰ ਵੀ ਲੋੜੀਂਦਾ ਹੈ, ਸੈਕਟਰ-52, ਕਜੇਹੜੀ ਦੇ ਇਕ ਪੀ. ਜੀ. 'ਚ ਰਹਿ ਰਿਹਾ ਹੈ | ਪੁਲਿਸ ਟੀਮ ਨੇ ਤੁਰੰਤ ਛਾਪਾਮਾਰੀ ਕਰਦਿਆਂ ਅਵਿਨਾਸ਼ ਨੂੰ ਕਾਬੂ ਕਰ ਲਿਆ ਅਤੇ ਉਸ ਤੋਂ ਨਕਲੀ ਨੋਟ ਤੇ ਪਿ੍ੰਟਿੰਗ ਸਾਮਾਨ ਬਰਾਮਦ ਕੀਤਾ | ਤਲਾਸ਼ੀ ਦੌਰਾਨ ਉਸਦਾ ਸਾਥੀ ਸਤਯਮ ਵਿਸ਼ਵਕਰਮਾ ਵੀ ਉਸੇ ਥਾਂ ਤੋਂ ਗਿ੍ਫ਼ਤਾਰ ਹੋਇਆ, ਜਿਨ੍ਹਾਂ ਦੋਵਾਂ ਤੋਂ ਮਿਲਾ ਕੇ 1,01,000 ਰੁਪਏ ਦੇ ਨਕਲੀ ਨੋਟ ਬਰਾਮਦ ਹੋਏ | ਅਗਲੇ ਦਿਨ ਸਤਯਮ ਦੇ ਖੁਲਾਸੇ 'ਤੇ ਪੀ. ਜੀ. ਨੇੜੇ ਖੜ੍ਹੀ ਬਰੇਜ਼ਾ ਕਾਰ ਦੀ ਤਲਾਸ਼ੀ ਕੀਤੀ ਗਈ, ਜਿਸ ਤੋਂ 4,76,300 ਰੁਪਏ ਦੇ ਨਕਲੀ ਨੋਟ ਮਿਲੇ | ਜਾਂਚ ਨੂੰ ਅੱਗੇ ਵਧਾਉਂਦਿਆਂ ਪੁਲਿਸ ਨੇ ਹੋਰ ਤਿੰਨ ਮੁਲਜ਼ਮ ਸੰਦੀਪ (ਮਹਿੰਦਰਗੜ੍ਹ, ਹਰਿਆਣਾ), ਅਬਦੁੱਲਾ ਅਤੇ ਸ਼ਹਜ਼ਾਦ (ਸਹਾਰਨਪੁਰ, ਯੂ. ਪੀ.) ਨੂੰ ਵੀ ਗਿ੍ਫ਼ਤਾਰ ਕੀਤਾ | ਹੁਣ ਤੱਕ ਇਨ੍ਹਾਂ ਤੋਂ ਕੁੱਲ ਮਿਲਾ ਕੇ 7.17 ਲੱਖ ਰੁਪਏ ਦੀ ਨਕਲੀ ਕਰੰਸੀ ਦੇ ਨਾਲ ਪਿ੍ੰਟਰ, ਲੈਪਟਾਪ, ਮੋਬਾਈਲ ਡਿਵਾਈਸਜ਼, ਪਿ੍ੰਟਿੰਗ ਇੰਕ ਤੇ ਵੱਡਾ ਸਟਾਕ ਖ਼ਾਲੀ ਕਾਗਜ਼ਾਂ ਦਾ ਵੀ ਖੁਲਾਸਾ ਹੋਇਆ | ਪੁਲਿਸ ਦਾ ਕਹਿਣਾ ਹੈ ਕਿ ਇਹ ਸਾਰੇ ਆਪਸ 'ਚ ਸੋਸ਼ਲ ਮੀਡੀਆ ਪਲੇਟਫ਼ਾਰਮ ਜਿਵੇਂ ਇੰਸਟਾਗ੍ਰਾਮ ਤੇ ਟੈਲੀਗ੍ਰਾਮ ਰਾਹੀਂ ਜੁੜੇ ਸਨ ਅਤੇ ਨਕਲੀ ਕਰੰਸੀ ਦੀ ਡੀਲ ਕਰਨ ਲਈ ਇਨ੍ਹਾਂ ਪਲੇਟਫ਼ਾਰਮਾਂ ਦਾ ਹੀ ਪ੍ਰਯੋਗ ਕਰਦੇ ਸਨ | ਇਹ ਗਰੋਹ ਨਕਲੀ ਨੋਟਾਂ ਨੂੰ 1 ਲੱਖ ਰੁਪਏ ਅਸਲੀ ਦੇ ਬਦਲੇ 4 ਲੱਖ ਨਕਲੀ ਨੋਟ ਦਿੱਤੇ ਜਾਂਦੇ ਸਨ | ਨਕਲੀ ਨੋਟਾਂ ਦੀ ਸਪਲਾਈ ਕਈ ਵਾਰ ਕੋਰੀਅਰ ਰਾਹੀਂ ਤੇ ਕਈ ਵਾਰ ਹੱਥੋਂ-ਹੱਥ ਕੀਤੀ ਜਾਂਦੀ ਸੀ | ਚੰਡੀਗੜ੍ਹ ਪੁਲਿਸ ਨੇ ਕਿਹਾ ਕਿ ਇਹ ਗਰੋਹ ਨਕਲੀ ਨੋਟਾਂ ਨੂੰ ਅਸਲ ਕਰੰਸੀ ਦੇ ਗੱਠਾਂ 'ਚ ਮਿਲਾ ਕੇ ਬਾਜ਼ਾਰ 'ਚ ਘੁਮਾਉਣ ਦੀ ਯੋਜਨਾ ਰੱਖਦਾ ਸੀ, ਜਿਸ ਨਾਲ ਜਨਤਾ ਤੇ ਆਰਥਿਕ ਪ੍ਰਣਾਲੀ ਨੂੰ ਵੱਡਾ ਨੁਕਸਾਨ ਹੋ ਸਕਦਾ ਸੀ | ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਹੋਰ ਡੂੰਘਾਈ ਨਾਲ ਜਾਰੀ ਹੈ | ਪੁਲਿਸ ਦਾ ਦਾਅਵਾ ਹੈ ਕਿ ਇਸ ਗਰੋਹ ਨਾਲ ਜੁੜੇ ਹੋਰ ਲੋਕਾਂ ਤੇ ਸਪਲਾਈ ਨੈੱਟਵਰਕ ਬਾਰੇ ਵੀ ਪਤਾ ਲਗਾਇਆ ਜਾ ਰਿਹਾ ਹੈ |