ਬਠਿੰਡਾ, 7 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ ਸ਼ਹਿਰ ਵਿਚੋਂ ਕੂੜਾ ਸਹੀ ਢੰਗ ਨਾਲ ਨਾ ਚੁੱਕਣ ਅਤੇ ਇਸ ਮਾਮਲੇ 'ਚ ਅਣਗਹਿਲੀ ਵਰਤਣ ਵਾਲੇ ਨਗਰ ਨਿਗਮ ਦੇ ਸਬੰਧਿਤ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਸ਼ਿਕਾਇਤ ਵਿਜੀਲੈਂਸ ਬਿਉਰੋ ਬਠਿੰਡਾ ਕੋਲ ਪਹੁੰਚ ਚੁੱਕੀ ਹੈ ਤੇ ਆਉਂਦੇ ਦਿਨਾਂ ਵਿਚ ਇਸ ਮਾਮਲੇ ਪਿੱਛੇ ਹੋਏ ਘੁਟਾਲੇ ਤੋਂ ਪਰਦਾ ਉੱਠ ਸਕਦਾ ਹੈ ਪਰ ਉਸ ਤੋਂ ਪਹਿਲਾਂ ਵਿਜੀਲੈਂਸ ਨੇ ਕਮਿਸ਼ਨਰ ਨਗਰ ਨਿਗਮ ਬਠਿੰਡਾ ਨੂੰ ਇਸ ਮਾਮਲੇ 'ਚ ਸਬੰਧਿਤ ਅਧਿਕਾਰੀਆਂ ਖਿਲਾਫ ਢੁਕਵੀਂ ਕਾਰਵਾਈ ਕਰਨ ਲਈ ਕਿਹਾ | ਦੱਸਣਯੋਗ ਹੈ ਕਿ ਨਗਰ ਨਿਗਮ ਪਿਛਲੇ ਕਈ ਸਾਲਾਂ ਤੋਂ ਬਠਿੰਡਾ ਸ਼ਹਿਰ ਦੇ ਘਰਾਂ, ਦੁਕਾਨਾਂ ਆਦਿ ਤੋਂ ਕੂੜਾ ਇਕੱਠਾ ਕਰਨ ਲਈ ਆਪਣੇ ਪੱਧਰ 'ਤੇ ਕੰਮ ਕਰ ਰਿਹਾ ਹੈ ਜਿਸ ਲਈ ਹਰ ਸਾਲ ਮਸ਼ੀਨਰੀ, ਲੇਬਰ, ਤੇਲ ਆਦਿ 'ਤੇ ਲੱਖਾਂ/ਕਰੋੜਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ | ਇਸ ਦੇ ਨਾਲ ਹੀ ਨਗਰ ਨਿਗਮ ਬਠਿੰਡਾ ਕੂੜਾ ਇਕੱਠਾ ਕਰਨ ਦੇ ਖ਼ਰਚਿਆਂ ਦੇ ਨਾਮ 'ਤੇ ਲੋਕਾਂ ਤੋਂ ਹਰ ਮਹੀਨੇ ਲੱਖਾਂ ਰੁਪਏ ਵੀ ਇਕੱਠੇ ਕਰ ਰਿਹਾ ਹੈ, ਪਰ ਬਠਿੰਡਾ ਦੇ ਵੱਡੀ ਗਿਣਤੀ ਲੋਕ ਨਗਰ ਨਿਗਮ ਬਠਿੰਡਾ ਦੀ ਇਸ ਕੂੜਾ ਇਕੱਠਾ ਕਰਨ ਦੀ ਸੇਵਾ ਤੋਂ ਸੰਤੁਸ਼ਟ ਨਹੀਂ | ਲੋਕ ਆਪਣੇ ਘਰਾਂ, ਦੁਕਾਨਾਂ ਆਦਿ ਦਾ ਕੂੜਾ ਸੜਕਾਂ, ਗਲੀਆਂ, ਖਾਲੀ ਪਲਾਟਾਂ, ਪਾਰਕਾਂ ਜਾਂ ਇੱਧਰ-ਉੱਧਰ ਸੁੱਟਣ ਲਈ ਮਜਬੂਰ ਹਨ¢ ਇਸ ਕਾਰਨ ਬਠਿੰਡਾ ਸ਼ਹਿਰ ਦੀ ਸੁੰਦਰਤਾ ਨੂੰ ਵੀ ਗ੍ਰਹਿਣ ਲੱਗ ਰਿਹਾ ਹੈ¢ ਇਸ ਸਬੰਧੀ ਆਰ.ਟੀ.ਆਈ ਐਕਟੀਵਿਸਟ ਸੰਜੀਵ ਗੋਇਲ ਨੇ ਕਿਹਾ ਕਿ ਬਠਿੰਡਾ ਸ਼ਹਿਰ ਦੇ ਲਗਭਗ 95 ਫ਼ੀਸਦੀ ਲੋਕਾਂ ਦੀ ਨਗਰ ਨਿਗਮ ਬਠਿੰਡਾ ਵਿਰੁੱਧ ਸ਼ਿਕਾਇਤ ਹੈ ਕਿ ਉਹ ਹਰ ਰੋਜ਼ ਕੂੜਾ ਚੁੱਕਣ ਨਹੀਂ ਆਉਂਦੇ¢ ਕੁਝ ਇਲਾਕਿਆਂ ਵਿਚ ਉਹ ਹਫ਼ਤੇ ਵਿਚ ਸਿਰਫ਼ 1-2 ਦਿਨ ਜਾਂ ਮਹੀਨੇ ਵਿਚ 5-7 ਵਾਰ ਕੂੜਾ ਚੁੱਕਣ ਲਈ ਆਉਂਦੇ ਹਨ¢ ਉਸ ਨੇ ਧੋਬੀ ਬਾਜ਼ਾਰ ਅਤੇ ਮਾਡਲ ਟਾਊਨ ਦੇ ਇਲਾਕਿਆਂ ਤੋਂ ਲਗਾਤਾਰ ਕਈ ਦਿਨਾਂ ਤੱਕ ਕੂੜਾ ਇਕੱਠਾ ਨਾ ਕਰਨ ਵਾਲੇ ਸਬੰਧਿਤ ਅਫ਼ਸਰਾਂ, ਅਧਿਕਾਰੀਆਂ ਤੇ ਇੰਚਾਰਜਾਂ ਆਦਿ ਵਿਰੁੱਧ ਢੁਕਵੀਂ ਕਾਰਵਾਈ ਕਰਨ ਸਬੰਧੀ ਸ਼ਿਕਾਇਤਾਂ ਪੰਜਾਬ ਸਰਕਾਰ ਦੇ ਕਈ ਮੰਤਰੀਆਂ ਅਤੇ ਉੱਚ ਅਧਿਕਾਰੀਆਂ ਨੂੰ ਕੀਤੀਆਂ ਸਨ¢ ਜਿਸ ਸਬੰਧੀ ਡਾਇਰੈਕਟੋਰੇਟ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦੇ ਵਿਜੀਲੈਂਸ ਸੈੱਲ ਨੇ ਮੁੱਖ ਵਿਜੀਲੈਂਸ ਅਧਿਕਾਰੀ ਨੂੰ ਇਸ ਮਾਮਲੇ ਦੀ ਰਿਪੋਰਟ ਕਰਨ ਲਈ ਲਿਖਿਆ | ਹੁਣ ਵਿਜੀਲੈਂਸ ਦਫ਼ਤਰ ਵਲੋਂ ਕਮਿਸ਼ਨਰ ਨਗਰ ਨਿਗਮ ਬਠਿੰਡਾ ਨੂੰ ਦੋ ਵੱਖ-ਵੱਖ ਪੱਤਰ ਨੰਬਰ 4586 ਅਤੇ ਪੱਤਰ ਨੰਬਰ 4570 ਭੇਜ ਕੇ ਬਣਦੀ ਕਾਰਵਾਈ ਕਰਨ ਲਈ ਕਿਹਾ¢ ਸੰਜੀਵ ਗੋਇਲ ਨੇ ਕਿਹਾ ਕਿ ਅਸਲ ਵਿਚ ਪੂਰੇ ਇਲਾਕੇ ਵਿਚੋਂ ਕੂੜਾ ਨਾ ਚੁੱਕਣ ਨਾਲ ਵਾਹਨਾਂ ਵਿਚ ਵਰਤਿਆ ਜਾਣ ਵਾਲਾ ਤੇਲ ਵੱਡੀ ਮਾਤਰਾ ਵਿਚ ਬਚਾਇਆ ਜਾ ਰਿਹਾ ਹੈ, ਜਿਸ ਵਿਚ ਘੁਟਾਲੇ ਦੀ ਸੰਭਾਵਨਾ ਹੈ¢ ਨਗਰ ਨਿਗਮ ਬਠਿੰਡਾ ਵਲੋਂ ਨਵੇਂ ਖ਼ਰੀਦੇ ਗਏ ਬਹੁਤ ਸਾਰੇ ਕੂੜਾ ਇਕੱਠਾ ਕਰਨ ਵਾਲੇ ਟਿੱਪਰ ਮੌਜੂਦਾ ਸਮੇਂ ਖ਼ਰਾਬ ਅਤੇ ਕੰਡਮ ਪਏ ਹਨ, ਜਦੋਂ ਕਿ ਇਨ੍ਹਾਂ ਟਿੱਪਰਾਂ ਦੀ ਮੁਰੰਮਤ 'ਤੇ ਲੱਖਾਂ ਰੁਪਏ ਖ਼ਰਚ ਕੀਤੇ ਗਏ ਹਨ¢ ਜੇਕਰ ਇਸ ਦੀ ਸਹੀ ਢੰਗ ਨਾਲ ਜਾਂਚ ਕੀਤੀ ਜਾਵੇ ਤਾਂ ਸ਼ਾਇਦ ਇਨ੍ਹਾਂ ਕੂੜਾ ਇਕੱਠਾ ਕਰਨ ਵਾਲੇ ਟਿੱਪਰਾਂ ਦੀ ਮੁਰੰਮਤ ਵਿਚ ਵੀ ਵੱਡਾ ਘੁਟਾਲਾ ਸਾਹਮਣੇ ਆ ਸਕਦਾ ਹੈ¢
-ਮਾਮਲਾ ਸਹੀ ਢੰਗ ਨਾਲ ਕੂੜਾ ਇਕੱਠਾ ਨਾ ਕਰਨ ਦਾ- ਨਗਰ ਨਿਗਮ ਦੇ ਸੰਬੰਧਿਤ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਸ਼ਿਕਾਇਤ ਵਿਜੀਲੈਂਸ ਕੋਲ ਪੁੱਜੀ
ਅਜੀਤ ਡੈਸਕ
08-09-2025