ਬਠਿੰਡਾ, 7 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ): ਵੈਲਸ਼ ਐਜੂਕੇਸ਼ਨ ਵਲੋਂ 'ਅਧਿਆਪਕ ਦਿਵਸ' ਮੌਕੇ ਸਥਾਨਕ ਸਰਕਾਰੀ ਰਾਜਿੰਦਰਾ ਕਾਲਜ ਵਿਖੇ ਕਰਵਾਏ ਸਮਾਗਮ ਦੌਰਾਨ ਬਠਿੰਡਾ ਜ਼ਿਲੇ੍ਹ ਦੇ 50 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਅਧਿਆਪਕਾਂ ਨੂੰ ਉਨ੍ਹਾਂ ਦੇ ਸਿੱਖਿਆ ਖੇਤਰ ਵਿਚ ਪਾਏ ਯੋਗਦਾਨ ਦੇ ਚੱਲਦਿਆਂ ਦਿੱਤਾ ਗਿਆ | ਸਮਾਗਮ ਵਿਚ ਪ੍ਰੋ. ਡਾ. ਰਾਮ ਗੋਪਾਲ ਸੈਣੀ ਰਜਿਸਟਰਾਰ ਆਦੇਸ਼ ਮੈਡੀਕਲ ਇੰਸਟੀਚਿਊਟ, ਪ੍ਰੋ. ਜਸਵੀਰ ਸਿੰਘ ਬਰਾੜ, ਪਦਮਜੀਤ ਸਿੰਘ ਮਹਿਤਾ ਮੇਅਰ ਨਗਰ ਨਿਗਮ ਬਠਿੰਡਾ, ਪ੍ਰੋ. ਡਾ. ਨਾਗੇਂਦਰਾ ਬਾਬੂ ਕੇਂਦਰੀ ਯੂਨੀਵਰਸਿਟੀ ਘੁੱਦਾ, ਪ੍ਰੋ. ਡਾ. ਮੀਨੂੰ ਅਰੋੜਾ ਅਤੇ ਪ੍ਰੋ. ਡਾ. ਐੱਸ.ਕੇ. ਗੁਪਤਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵੱਖ-ਵੱਖ ਕਾਲਜਾਂ ਤੇ ਸਕੂਲਾਂ ਦੇ ਸੇਵਾਮੁਕਤ ਪਿ੍ੰਸੀਪਲ, ਮੌਜੂਦਾ ਸਮੇਂ ਸੇਵਾਵਾਂ ਨਿਭਾਅ ਰਹੇ ਪਿ੍ੰਸੀਪਲ, ਮੁੱਖ ਅਧਿਆਪਕ, ਲੈਕਚਰਾਰ ਅਤੇ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸੰਬੋਧਨ ਕਰਦਿਆਂ ਡਾ. ਸੁਰਜੀਤ ਸਿੰਘ ਸਾਬਕਾ ਪਿ੍ੰਸੀਪਲ ਰਾਜਿੰਦਰਾ ਕਾਲਜ ਬਠਿੰਡਾ ਨੇ ਕਿਹਾ ਕਿ ਸਮੁੱਚੇ ਅਧਿਆਪਕ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ ਪ੍ਰਮਾਤਮਾ ਨੇ ਅਧਿਆਪਕ ਵਜੋਂ ਸਮਾਜ ਵਿਚ ਸੇਵਾ ਕਰਨ ਦਾ ਮੌਕਾ ਦਿੱਤਾ ਅਤੇ ਇਕ ਚੰਗਾ ਅਧਿਆਪਕ ਆਪਣੇ ਪੇਸ਼ੇ ਪ੍ਰਤੀ ਇਮਾਨਦਾਰੀ ਨਾਲ ਕੰਮ ਕਰਦੇ ਹੋਏ ਅਜਿਹੀਆਂ ਪੈੜ੍ਹਾਂ ਪਾਉਂਦਾ ਹੈ ਜਿਨ੍ਹਾਂ 'ਤੇ ਚੱਲ ਕੇ ਸੈਂਕੜੇ ਵਿਦਿਆਰਥੀ ਆਪਣਾ ਭਵਿੱਖ ਸੰਵਾਰਦੇ ਹਨ | ਇਹੋ ਅਧਿਆਪਕ ਦੀ ਵੱਡੀ ਪ੍ਰਾਪਤੀ ਹੈ | ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸਕੂਲਾਂ/ਕਾਲਜਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿਉਂਕਿ ਉਨ੍ਹਾਂ ਨੇ ਸਾਨੂੰ ਵੱਖਰੀ ਪਹਿਚਾਣ ਦਿੱਤੀ | ਵੈਲਸ਼ ਐਜੂਕੇਸ਼ਨ ਦੇ ਐਮ.ਡੀ. ਰਾਮ ਸ਼ਰਮਾ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਅਧਿਆਪਕਾਂ ਨੂੰ ਜੀ ਆਇਆਂ ਆਖਦਿਆਂ 'ਅਧਿਆਪਕ ਦਿਵਸ' ਦੀ ਮੁਬਾਰਕਵਾਦ ਦਿੱਤੀ ਅਤੇ ਕਿਹਾ ਕਿ ਵੈਲਸ਼ ਐਜੂਕੇਸ਼ਨ ਨੇ ਪਹਿਲੀ ਵਾਰ 'ਅਧਿਆਪਕਾਂ ਦੇ ਸਨਮਾਨ ਲਈ ਉੱਦਮ ਕਰਿਆ, ਜਿਸ ਨੂੰ ਸਭਨਾਂ ਨੇ ਪੂਰਨ ਹੁੰਗਾਰਾ ਦਿੱਤਾ, ਇਸ ਦੇ ਲਈ ਉਹ ਸਾਰਿਆਂ ਦੇ ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਨ | ਉਨ੍ਹਾਂ ਕਿਹਾ ਕਿ ਆਪਣੇ ਅਧਿਆਪਕਾਂ ਦੀ ਬਦੌਲਤ ਅੱਜ ਉਹ ਇਸ ਮੁਕਾਮ 'ਤੇ ਖੜੇ ਹਨ, ਉਹ ਅਧਿਆਪਕਾਂ ਦੀ ਦੇਣ ਕਦੇ ਨਹੀਂ ਦੇ ਸਕਦੇ | ਉਨ੍ਹਾਂ ਪੂਰਨ ਸਹਿਯੋਗ ਲਈ ਸਮੁੱਚੇ ਅਧਿਆਪਕਾਂ ਅਤੇ ਸਟਾਫ਼ ਦਾ ਵੀ ਧੰਨਵਾਦ ਕੀਤਾ | ਇਸ ਮੌਕੇ ਪ੍ਰੋ. ਮਲਕੀਤ ਸਿੰਘ ਗਿੱਲ, ਪ੍ਰੋ. ਰਾਜ ਸਿੰਘ ਬਾਘਾ ਪਿ੍ੰ. ਮਾਤਾ ਸੁੰਦਰੀ ਕਾਲਜ ਢੱਡੇ, ਪਿ੍ੰ. ਜਸਪਾਲ ਸਿੰਘ ਰੋਮਾਣਾ, ਪਿ੍ੰ. ਜਸਜੀਤ ਕੌਰ ਬਿਲਿਗ, ਮੁੱਖ ਅਧਿਆਪਕ ਕੁਲਵਿੰਦਰ ਕਟਾਰੀਆਂ, ਗਗਨਦੀਪ ਕੌਰ ਮੁੱਖ ਅਧਿਆਪਕ, ਡਾ. ਨੀਤੂ ਮੁੱਖ ਅਧਿਆਪਕ, ਸਾਬਕਾ ਲੈਕਚਰਾਰ ਮਨਜੀਤ ਸਿੰਘ, ਹਰਪ੍ਰੀਤ ਕੌਰ ਮੁੱਖ ਅਧਿਆਪਕਾ ਆਦਿ ਸਮੇਤ ਵੱਡੀ ਗਿਣਤੀ ਅਧਿਆਪਕ ਹਾਜ਼ਰ ਸਨ |