ਬੋਹਾ, 2 ਨਵੰਬਰ (ਰਮੇਸ਼ ਤਾਂਗੜੀ)-ਕਸਬਾ ਬੋਹਾ ਸਥਿਤ ਸ੍ਰੀ ਸ਼ਿਆਮ ਸੇਵਾ ਮੰਡਲ ਵਲੋਂ ਖਾਟੂ ਬਾਬਾ ਦਾ ਜਨਮ ਉਤਸਵ ਸ਼ਰਧਾ ਤੇ ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ | ਸ਼ਿਵ ਮੰਦਰ ਵਿਚ ਧਾਰਮਿਕ ਪ੍ਰੋਗਰਾਮ ਕੀਤਾ ਗਿਆ ਅਤੇ ਮਾਤਾ ਦਾ ਜਾਗਰਣ ਸਾਰੀ ਰਾਤ ਚੱਲਦਾ ਰਿਹਾ | ਸੇਵਾ ਮੰਡਲ ਦੇ ਪ੍ਰਧਾਨ ਰਾਜਨ ਸਿੰਗਲਾ, ਸੁਨੀਲ ਸਿੰਗਲਾ, ਕ੍ਰਿਸ਼ਨ ਕੁੰਦਲ, ਮਦਨ ਸਿੰਗਲਾ, ਛੱਜੂ ਰਾਮ ਸਿੰਗਲਾ ਅਤੇ ਰਮੇਸ਼ ਸਿੰਗਲਾ ਨੇ ਆਪਣੀ ਦੇਖ-ਰੇਖ ਵਿਚ ਸਾਰੇ ਧਾਰਮਿਕ ਕਾਰਜ ਪੂਰੇ ਕਰਵਾਏ | ਰਾਤ ਦੇ ਜਾਗਰਣ ਦੌਰਾਨ ਪੂਰੇ ਸ਼ਹਿਰ ਵਿਚੋਂ ਦੁਕਾਨਦਾਰ, ਵਪਾਰੀ, ਅਤੇ ਅਨੇਕਾਂ ਕਾਰੋਬਾਰੀ ਪਰਿਵਾਰਾਂ ਸਮੇਤ ਹਾਜ਼ਰ ਹੋਏ | ਸ਼ਹਿਰ ਦੇ ਸਾਰੇ ਮੰਦਰਾਂ 'ਤੇ ਦੀਪਮਾਲਾ ਕਰਕੇ ਅਤੇ ਸ਼ਹਿਰ ਨੂੰ ਵੱਖ-ਵੱਖ ਰੰਗਾਂ ਦੀਆਂ ਜੋਤੀਆਂ ਨਾਲ ਸਜਾਇਆ ਗਿਆ | ਵਿਜੇ ਮਿਊਜ਼ੀਕਲ ਗਰੁੱਪ ਹਨੂੰਮਾਨਗੜ੍ਹ, ਰਿਮੋ ਗਰੁੱਪ ਵਲੋਂ ਅੰਕੁਰ ਗੋਇਲ ਫ਼ਤਿਹਾਬਾਦ ਨੇ ਧਾਰਮਿਕ ਪ੍ਰੋਗਰਾਮ ਦੌਰਾਨ ਗਾ, ਨੱਚ ਕੇ ਸ਼ਰਧਾਲੂਆਂ ਨੂੰ ਝੂਮਣ ਲਗਾ ਦਿੱਤਾ | ਇਸ ਦੌਰਾਨ ਧਰਮਪਾਲ ਗਰਗ ਤੇ ਸੁਨੀਤਾ ਗਰਗ ਵਲੋਂ ਗਣੇਸ਼ ਪੂਜਨ ਕਰਵਾਇਆ ਗਿਆ ਅਤੇ ਰਾਕੇਸ਼ ਗਰਗ ਸੈਦੇਵਾਲੀਆ ਤੇ ਸੈਲਜਾ ਗਰਗ ਨੇ ਜੋਤੀ ਪ੍ਰਚੰਡ ਕੀਤੀ | ਸ਼ਹਿਰ ਦੇ ਕਰੀਬ ਤਿੰਨ ਦਰਜਨ ਸ਼ਰਧਾਲੂਆਂ ਨੇ ਵੀ ਜੋਤੀ ਪ੍ਰਚੰਡ ਕੀਤੀ | ਸੇਵਾ ਮੰਡਲ ਦੇ 5 ਦਰਜਨ ਮੈਂਬਰਾਂ ਨੇ ਖ਼ੂਬ ਅਨੁਸ਼ਾਸਨ ਵਿਚ ਆਪਣੀ ਸ਼ਰਧਾ ਵਿਖਾਈ | ਰਾਜਨ ਸਿੰਗਲਾ ਦੀ ਪ੍ਰਧਾਨਗੀ ਹੇਠ ਖਾਟੂ ਬਾਬਾ ਦਾ ਗੁਣਗਾਨ ਕੀਤਾ ਗਿਆ | ਜੋਸ਼ ਵਿਚ ਆਏ ਇਹ ਨੌਜਵਾਨ ਪੰਡਾਲ ਵਿਚ ਨੱਚਦੇ, ਝੂਮਦੇ ਵੇਖੇ ਗਏ | ਮੁੱਖ ਪ੍ਰਬੰਧਕ ਨਿਖਿਲ ਗੋਇਲ ਨੇ ਦੱਸਿਆ ਕਿ ਪ੍ਰੋਗਰਾਮ ਦੀ ਸਫਲਤਾ ਲਈ ਸ਼ਹਿਰ ਦੀਆਂ ਧਾਰਮਿਕ ਸੰਸਥਾਵਾਂ ਵਿਚ ਭਗਵਤੀ ਭਜਨ ਮੰਡਲ, ਜੈ ਦੁਰਗਾ ਭਜਨ ਮੰਡਲ, ਮਾਂ ਪਾਰਵਤੀ ਕਾਂਵੜ ਸੰਘ, ਬਾਲਾ ਜੀ ਮਹਿਲਾ ਮੰਡਲ, ਮਾਤਾ ਕੀਰਤਨ ਮੰਡਲ, ਸ਼ਿਆਮ ਪਰਿਵਾਰ ਮਹਿਲਾ ਮੰਡਲ ਅਤੇ ਸ੍ਰੀ ਸਨਾਤਨ ਧਰਮ ਪ੍ਰਚਾਰ ਸੰਘ ਬੋਹਾ ਵਲੋਂ ਭਰਵਾਂ ਸਹਿਯੋਗ ਦਿੱਤਾ ਗਿਆ | ਅੱਧੀ ਰਾਤ ਮਗਰੋਂ ਮੰਤਰਾਂ ਦੇ ਜਾਪ ਦੌਰਾਨ ਖਾਟੂ ਬਾਬਾ ਦੇ ਜਨਮ ਉਤਸਵ ਮੌਕੇ ਕੇਕ ਕੱਟਿਆ ਗਿਆ |