ਬੁਢਲਾਡਾ, 27 ਦਸੰਬਰ (ਸਵਰਨ ਸਿੰਘ ਰਾਹੀ)- ਥਾਣਾ ਸਦਰ ਬੁਢਲਾਡਾ ਦੇ ਨਵੇਂ ਮੁਖੀ ਇੰਸਪੈਕਟਰ ਗੁਰਪ੍ਰੀਤ ਕੌਰ ਨੇ ਆਪਣਾ ਕਾਰਜ ਭਾਰ ਸੰਭਾਲ ਲਿਆ ਹੈ | ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਥਾਣੇ ਅਧੀਨ ਪੈਂਦੇ ਪਿੰਡਾਂ 'ਚ ਅਮਨ ਕਾਨੰੂਨ ਦੀ ਸਥਿਤੀ ਨੂੰ ਕਾਇਮ ਰੱਖਦਿਆਂ ਨਾਗਰਿਕਾਂ ਦੀ ਸੁਰੱਖਿਆ ਕਰਨਾ ਪੁਲਿਸ ਦਾ ਪਹਿਲਾ ਫ਼ਰਜ਼ ਹੋਵੇਗਾ | ਉਨ੍ਹਾਂ ਨਸ਼ਿਆਂ ਦਾ ਸੇਵਨ ਕਰਦੇ ਨੌਜਵਾਨਾਂ ਨੂੰ ਅਜਿਹਾ ਗਲਤ ਰਸਤਾ ਤਿਆਗ ਕੇ ਵਧੀਆ ਨਾਗਰਿਕ ਬਣਨ ਦੀ ਸਲਾਹ ਦਿੰਦਿਆਂ ਕਿਹਾ ਕਿ ਉਹ ਇਲਾਕੇ ਦੇ ਨਸ਼ਾ ਤਸਕਰਾਂ ਬਾਰੇ ਪੁਲਿਸ ਨੂੰ ਜਾਣਕਾਰੀ ਦੇਣ, ਜਿਸ ਨਾਲ ਪੁਲਿਸ ਉਨ੍ਹਾਂ ਨੂੰ ਬਣਦਾ ਸਨਮਾਨ ਦੇਵੇਗੀ ਅਤੇ ਸਮਾਜ 'ਚ ਵੀ ਉਨ੍ਹਾਂ ਦੀ ਇੱਜ਼ਤ ਵਧੇਗੀ | ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣਾ ਆਲਾ ਦੁਆਲਾ ਸੁਰੱਖਿਅਤ ਬਣਾਉਣ ਲਈ ਸ਼ੱਕੀ ਵਿਅਕਤੀਆਂ ਦੀ ਇਤਲਾਹ ਤੁਰੰਤ ਪੁਲਿਸ ਨੂੰ ਦੇਣ |