ਸੰਗਰੂਰ, 27 ਦਸੰਬਰ (ਅਮਨਦੀਪ ਸਿੰਘ ਬਿੱਟਾ)- ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਅਰਵਿੰਦਰ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਭਾਜਪਾ ਦੀ ਬੀ ਟੀਮ ਵਾਂਗ ਕੰਮ ਕਰ ਰਹੇ ਹਨ | ਸੰਗਰੂਰ 'ਚ ਮਨਰੇਗਾ ਮਜ਼ਦੂਰ ਅਧਿਕਾਰ ਬਚਾਉ ਮੁਹਿੰਮ ਦੀ ਸ਼ੁਰੂਆਤ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਸਿੰਘ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਦੀ ਸਰਕਾਰ ਨੇ 100 ਦਿਨਾਂ ਦੀ ਗਾਰੰਟੀ ਵਾਲਾ ਰਾਈਟ ਟੂ ਵਰਕ ਕਾਨੂੰਨ ਅਤੇ ਮਨਰੇਗਾ ਨੂੰ ਹੋਂਦ 'ਚ ਲਿਆਂਦਾ ਸੀ ਅਤੇ ਅੱਜ 12 ਕਰੋੜ ਵਰਕਰ ਮਨਰੇਗਾ ਨਾਲ ਜੁੜਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਮਨਰੇਗਾ ਨੂੰ ਖ਼ਤਮ ਕਰਨ ਦੇ ਮਨਸ਼ੇ ਤਹਿਤ ਹੀ ਵਿਕਸਤ ਭਾਰਤ 'ਜੀ ਰਾਮ ਜੀ' ਲਿਆ ਕੇ ਦੇਸ਼ ਦੇ ਮਜ਼ਦੂਰ ਵਰਗ ਦੇ ਹਿੱਤਾਂ ਨੂੰ ਨਜ਼ਰ-ਅੰਦਾਜ਼ ਕਰ ਕੇ ਕਾਰਪੋਰੇਟ ਘਰਾਣਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਹੀ ਨਵਾਂ ਕਾਨੂੰਨ ਹੋਂਦ 'ਚ ਲਿਆਂਦਾ ਹੈ | ਉਨ੍ਹਾਂ ਕਿਹਾ ਕਿ ਰਾਜਾਂ ਵਿਚ ਜੀ.ਐਸ.ਟੀ. ਜਾਂ ਹੋਰ ਟੈਕਸਾਂ ਰਾਹੀਂ ਕੇਂਦਰ ਬੜੇ ਵੱਡੇ ਪੱਧਰ 'ਤੇ ਰੈਵੀਨਿਊ ਇਕੱਠਾ ਕਰਦਾ ਹੈ ਪਰ ਨਵੇਂ ਕਾਨੂੰਨ ਜੀ ਰਾਮ ਜੀ ਤਹਿਤ ਰਾਜ ਸਰਕਾਰਾਂ ਨੂੰ 40 ਫ਼ੀਸਦੀ ਹਿੱਸਾ ਅਤੇ ਕੇਂਦਰ ਸਰਕਾਰ ਦਾ ਹਿੱਸਾ 60 ਫ਼ੀਸਦੀ ਹਿੱਸਾ ਰੱਖਣ ਦੀ ਤਜਵੀਜ਼ ਉਲੀਕੀ ਗਈ ਹੈ ਜਦ ਕਿ ਪਹਿਲਾਂ ਰਾਜਾ ਦਾ ਹਿੱਸਾ ਮਾਤਰ ਮਨਰੇਗਾ 'ਚ 10 ਫ਼ੀਸਦੀ ਹੀ ਸੀ | ਭਗਵੰਤ ਮਾਨ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਪ੍ਰਗਟ ਸਿੰਘ ਨੇ ਕਿਹਾ ਕਿ ਇਹ ਸਰਕਾਰ ਮਨਰੇਗਾ ਪ੍ਰਤੀ ਕਦੇ ਗੰਭੀਰ ਨਹੀਂ ਰਹੀ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਗਾਗਾ, ਸੁਭਾਸ਼ ਗਰੋਵਰ, ਸਨਮੀਕ ਹੈਨਰੀ, ਰਜਿੰਦਰ ਦੀਪਾ ਸੁਨਾਮ, ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਸਤਨਾਮ ਸੱਤਾ ਦਿੜ੍ਹਬਾ, ਪਰਮਿੰਦਰ ਸ਼ਰਮਾ, ਹਰਪਾਲ ਸੋਨੂੰ, ਬਿੰਦਰ ਬਾਂਸਲ, ਕੌਂਸਲਰ ਮਨੀ ਕਥੂਰੀਆ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰੀ ਸਿੰਘ ਫੱਗੂਵਾਲਾ, ਅਮਨਦੀਪ ਸਿੰਘ ਮਾਨ, ਮਨੀ ਵੜੈਚ, ਰਵੀ ਚਾਵਲਾ, ਸਕਤੀਜੀਤ ਸਿੰਘ ਆਦਿ ਮੌਜੂਦ ਸਨ |