ਮੋਰਿੰਡਾ, 31 ਮਈ (ਤਰਲੋਚਨ ਸਿੰਘ ਕੰਗ)-ਪੀ. ਐਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਖਰੜ੍ਹ ਡਵੀਜ਼ਨ ਵਲੋਂ ਮੋਰਿੰਡਾ ਵਿਖੇ ਡਵੀਜ਼ਨ ਪ੍ਰਧਾਨ ਦੀਦਾਰ ਸਿੰਘ ਦੀ ਅਗਵਾਈ ਹੇਠ ਇਕੱਤਰਤਾ ਕੀਤੀ, ਜਿਸ 'ਚ ਸਾਬਕਾ ਜਨਰਲ ਸਕੱਤਰ ਇੰਜ. ਨਰਿੰਦਰ ਸੈਣੀ, ਗੁਰਵਿੰਦਰ ਸਿੰਘ ਹਜ਼ਾਰਾ ਵਰਕਿੰਗ ਪ੍ਰਧਾਨ ਪੰਜਾਬ ਤੇ ਹਰਜਿੰਦਰ ਸਿੰਘ ਅਕਬਰਪੁਰ ਸਰਕਲ ਪ੍ਰਧਾਨ ਰੋਪੜ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਕੱਤਰਤਾ ਦੌਰਾਨ ਸਾਥੀਆਂ ਵਲੋਂ ਖਰੜ ਡਵੀਜ਼ਨ ਅੰਦਰ ਮੁਲਾਜ਼ਮਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਦੱਸਿਆ ਗਿਆ, ਜਿਥੇ ਐਕਸੀਅਨ ਖਰੜ ਦੁਆਰਾ ਬਿਜਲੀ ਮੁਲਾਜ਼ਮਾਂ ਦੀ 12-12 ਘੰਟੇ ਸ਼ਿਫ਼ਟਾਂ ਵਿਚ ਡਿਊਟੀ ਲਗਾਉਣ ਦੇ ਫ਼ੈਸਲੇ ਦੀ ਜਥੇਬੰਦੀ ਵਲੋਂ ਸਖ਼ਤ ਸ਼ਬਦਾਂ 'ਚ ਆਲੋਚਨਾ ਕੀਤੀ | ਇਕੱਤਰਤਾ ਸੰਬੰਧੀ ਜਾਣਕਾਰੀ ਦਿੰਦਿਆਂ ਦੀਦਾਰ ਸਿੰਘ ਨੇ ਦੱਸਿਆ ਕਿ ਪਾਵਰਕਾਮ ਅੰਦਰ ਟੈਕਨੀਕਲ ਕਰਮਚਾਰੀਆਂ ਦੀ ਬਹੁਤ ਘਾਟ ਚੱਲ ਰਹੀ ਹੈ ਤੇ ਬਿਜਲੀ ਮੁਲਾਜ਼ਮਾਂ ਨੂੰ 15-15 ਘੰਟੇ ਕੰਮ ਕਰਨ ਲਈ ਅਧਿਕਾਰੀਆਂ ਵਲੋਂ ਧਮਕਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਬਿਜਲੀ ਮੁਲਾਜ਼ਮਾਂ ਨੇ ਪਿਛਲੇ ਦਿਨੀਂ ਆਈ ਹਨੇਰੀ ਕਾਰਨ ਬਿਜਲੀ ਸਪਲਾਈ ਵਿਚ ਆਈ ਰੁਕਾਵਟ ਨੂੰ ਦੂਰ ਕਰਨ ਲਈ ਪੂਰੀ ਮਿਹਨਤ ਕੀਤੀ ਪਰ ਲੋਕਲ ਮੈਨੇਜਮੈਂਟ ਬਿਜਲੀ ਮੁਲਾਜ਼ਮਾਂ ਨਾਲ ਚੰਗਾ ਵਰਤਾਓ ਨਹੀਂ ਕਰ ਰਹੀ | ਇਕੱਤਰਤਾ ਦੇ ਅੰਤ 'ਚ ਜਥੇਬੰਦੀ ਵਲੋਂ ਐਕਸੀਅਨ ਖਰੜ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬਿਜਲੀ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਬੰਦ ਨਾ ਕੀਤੀ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ | ਇਸ ਮੌਕੇ ਗਗਨ ਰਾਣਾ, ਗੁਰਦੀਪ ਸਿੰਘ, ਰਿਸ਼ਭ ਚਿਗਲ, ਤਰਨਜੀਤ ਸਿੰਘ, ਸਰਬਜੀਤ ਸਿੰਘ ਜੇ. ਈ., ਮੈਡਮ ਨਵਦੀਪ ਕੌਰ, ਲਖਵੀਰ ਕੌਰ, ਸੁਰਿੰਦਰ ਸਿੰਘ, ਗੁਰਵਿੰਦਰ ਸਿੰਘ ਆਦਿ ਮੌਜੂਦ ਸਨ |