ਨੰਗਲ, 31 ਮਈ (ਗੁਰਪ੍ਰੀਤ ਸਿੰਘ ਗਰੇਵਾਲ)-ਬੀ. ਬੀ. ਐਮ. ਬੀ. ਦੁਆਰਾ ਉਤਸ਼ਾਹਪੂਰਵਕ/ਜੰਗੀ ਪੱਧਰ 'ਤੇ ਸ਼ੁਰੂ ਹੋਣ ਵਾਲਾ ਮਿਊਜਿਅਮ ਕਿਸੇ ਅਧਾਰਹੀਣ ਸ਼ਿਕਾਇਤ ਕਾਰਨ ਠੰਢੇ ਬਸਤੇ ਵਿਚ ਪੈ ਗਿਆ ਹੈ | 'ਏ' ਬਲਾਕ ਤੋਂ 'ਐਫ' ਬਲਾਕ ਤੱਕ ਅਸੁਰੱਖਿਅਤ ਹੋ ਚੁੱਕੇ ਮਕਾਨਾਂ ਨੂੰ ਢਾਹੁਣ ਸਮੇਂ ਲੋਕ ਕਈ ਪ੍ਰਕਾਰ ਦੇ ਸਵਾਲ ਚੁੱਕ ਰਹੀ ਸੀ | ਕੁੱਝ ਸਮੇਂ ਉਪਰੰਤ ਜਦੋਂ ਪਬਲਿਕ ਨੂੰ ਇਹ ਪਤਾ ਚਲਿਆ ਕਿ ਇਸ ਜਗ੍ਹਾ ਮਿਊਜਿਅਮ ਬਣੇਗਾ ਅਤੇ 1948-1963 ਤੱਕ ਭਾਖੜਾ ਡੈਮ ਉਸਾਰੀ ਨਾਲ ਸਾਰੇ ਪੱਖਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ, ਜੋ ਕਿ ਹਰੇਕ ਲਈ ਉਤਸੁਕਤਾ ਭਰਪੂਰ ਕਾਰਜ ਮੰਨਿਆ ਜਾ ਰਿਹਾ ਸੀ, ਕਿਉਂ ਜੋ ਨਵੀਂ ਪੀੜ੍ਹੀ ਨੂੰ ਆਧੁਨਿਕ ਭਾਰਤ ਦੇ ਨਵੀਨ ਮੰਦਰ ਦੀ ਵਿਰਾਸਤ ਨੂੰ ਮਿਊਜੀਅਮ ਵਿਚ ਵੇਖਣ ਦਾ ਮੌਕਾ ਮਿਲਣਾ ਸੀ | ਭਾਖੜਾ ਡੈਮ/ਮਾਤਾ ਨੈਣਾ ਦੇਵੀ/ਹਿਮਾਚਲ ਆਦਿ ਘੁੰਮਣ ਵਾਲੇ ਤਕਰੀਬਨ ਚਾਰ-ਪੰਜ ਲੱਖ ਸੈਲਾਨੀ ਜੋ ਕਿ ਲੋਕ ਸੰਪਰਕ ਦਫ਼ਤਰ ਦੇ ਰਿਕਾਰਡ 'ਚ ਦਰਜ ਹੁੰਦੇ ਸਨ, ਲਈ ਇਹ ਮਿਊਜੀਅਮ ਖਿੱਚ ਦਾ ਕੇਂਦਰ ਬਣਨਾ ਸੀ | ਜਿਥੇ ਇਹ ਮਿਊਜੀਅਮ ਨਾਲ ਨੰਗਲ ਸ਼ਹਿਰ ਦਾ ਆਕਰਸ਼ਣ ਅਤੇ ਸੁਹੱਪਣ ਵਧਣਾ ਸੀ, ਉਥੇ ਹੀ ਸਕੂਲ/ ਕਾਲਜ/ ਡਿਗਰੀ/ ਡਿਪਲੋਮਾ ਆਦਿ ਕਰਕੇ ਵਿਦਿਆਰਥੀਆਂ ਨੂੰ ਵੀ ਇਸ ਮਿਊਜੀਅਮ ਵਿਚੋਂ ਸਿੱਖਣਯੋਗ ਤੇ ਪ੍ਰੇਰਨਾਯੋਗ ਮਟੀਰੀਅਲ ਮਿਲਣਾ ਸੀ | ਇਕ ਸਾਧਾਰਨ ਜਿਹੀ ਅਧਾਰਹੀਣ ਸ਼ਿਕਾਇਤ ਨੇ ਜੀਵਨ ਨਾਲ ਜੁੜੇ ਲੱਖਾਂ ਪਹਿਲੂਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ | ਸਰਕਾਰਾਂ ਨੂੰ ਅਜਿਹੇ ਮਿਊਜੀਅਮ ਬਣਾਉਣਾ ਸਮੇਂ ਦੀ ਲੋੜ ਹੋਵੇਗਾ, ਕਿਉਂ ਜੋ ਆਉਂਦੀ ਪੀੜ੍ਹੀ ਇਨ੍ਹਾਂ ਮਿਊਜੀਅਮਾਂ ਨੂੰ ਵੇਖ ਕੇ ਹੀ ਆਪਣੇ ਅਤੀਤ ਤੇ ਪਿੱਛਲ ਝਾਤ ਮਾਰ ਸਕਿਆ ਕਰੇਗਾ | ਸਰਕਾਰ ਨੂੰ ਆਪਣੀ ਵਿਰਾਸਤ ਨੂੰ ਪੈਸਾ ਖ਼ਰਚ ਕੇ ਸਾਂਭਣਾ ਸਮੇਂ ਦੀ ਲੋੜ ਬਣ ਜਾਵੇਗਾ | ਯੁੱਗ ਬਦਲਣ ਦੇ ਨਾਲ ਪੁਰਾਤਨ ਯੁੱਗ ਦੀਆਂ ਤਸਵੀਰਾਂ/ਪੱਖ/ਪਹਿਲੂ ਸਭ ਆਉਂਦੀਆਂ ਨਸਲਾਂ ਲਈ ਮਿਊਜੀਅਮਾਂ 'ਚ ਹੀ ਬਿਰਾਜਮਾਨ ਹੋਣਗੇ |