ਰੂਪਨਗਰ, 31 ਮਈ (ਸਤਨਾਮ ਸਿੰਘ ਸੱਤੀ, ਯਸ਼ਵੰਤ ਬੱਸੀ)-ਸਨ ਟਾਵਰ ਵੈਲਫੇਅਰ ਫਰੰਟ ਰੂਪਨਗਰ ਵਲੋਂ 80 ਸਾਲ ਤੋਂ ਵੱਧ ਉਮਰ ਵਾਲੇ ਪੰਜ ਬਜ਼ੁਰਗਾਂ ਨੂੰ ਸਨਮਾਨਿਤ ਕੀਤਾ ਗਿਆ | ਫਰੰਟ ਦੇ ਕਨਵੀਨਰ ਸਰਦਾਰ ਜਗਜੀਤ ਸਿੰਘ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਫਰੰਟ ਦਾ ਉਦੇਸ਼ ਆਪਸੀ ਭਾਈਚਾਰਕ ਸਾਂਝ ਕਰਨਾ ਵਾਤਾਵਰਨ ਤੇ ਨੌਜਵਾਨਾਂ ਨੂੰ ਸਹੀ ਸਹੀ ਦਿਸ਼ਾ ਦੇਣਾ ਹੈ | ਇਸ ਪ੍ਰੋਗਰਾਮ 'ਚ ਸ੍ਰੀਮਤੀ ਨਿਰਾਤੀ ਕੌਰ ਜੋ ਕਿ ਆਪਣੇ ਜੀਵਨ ਦੇ 105 ਸਾਲ ਪੂਰੇ ਕਰ ਚੁੱਕੇ ਹਨ ਤੇ ਉਨ੍ਹਾਂ ਨੇ ਦੇਸ਼ ਦੀ ਵੰਡ ਦੌਰਾਨ ਵਾਪਰੀਆਂ ਘਟਨਾਵਾਂ, ਪੁਰਾਣੇ ਰੀਤੀ ਰਿਵਾਜਾਂ ਦੇ ਨਾਲ-ਨਾਲ ਆਪਣੇ ਰੋਜ਼ਾਨਾ ਜੀਵਨ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਮਿ੍ਤ ਵੇਲਾ ਸੰਭਾਲਣਾ ਬਹੁਤ ਵੱਡੀ ਨਿਆਮਤ ਹੈ | ਮਨੁੱਖ ਨੂੰ ਲੋੜ ਅਨੁਸਾਰ ਹੀ ਖਾਣਾ ਚਾਹੀਦਾ ਹੈ, ਇਹ ਮੇਰੇ ਤੰਦਰੁਸਤ ਰਹਿਣ ਦਾ ਰਾਜ਼ ਹੈ | ਇਸ ਤੋਂ ਇਲਾਵਾ ਜਗਦੀਸ਼ ਚੰਦਰ ਪਾਸੀ (85) ਅਮਰੀਕਾ ਦੇ ਨਾਗਰਿਕ ਆਪਣੇ ਸਪੁੱਤਰ ਸੰਜੀਵ ਪਾਸੀ ਪਾਸ ਰਹਿ ਰਹੇ ਹਨ, ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸ੍ਰੀਮਤੀ ਸ਼ਾਰਦਾ ਦੇਵੀ (82) ਮਾਤਾ ਰਾਜੀਵ ਕਰਪਲਾਨੀ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ | ਸ੍ਰੀਮਤੀ ਗੁਰਮੀਤ ਕੌਰ (81) ਆਪਣੇ ਸਪੁੱਤਰ ਸਤਵੰਤ ਸਿੰਘ ਨਾਲ ਰਹਿ ਰਹੇ ਹਨ, ਨੂੰ ਵੀ ਸਨਮਾਨਿਤ ਕੀਤਾ | ਪ੍ਰੋਗਰਾਮ ਵਿਚ ਤਜਿੰਦਰ ਚੋਪੜਾ, ਅਸ਼ਵਨੀ ਖੰਨਾ, ਰਾਜੀਵ ਕਿ੍ਪਲਾਨੀ, ਕਮਲ ਸ਼ਰਮਾ ਅਨਿਲ ਸ਼ਰਮਾ, ਹਰਬੰਸ ਸਿੰਘ, ਸਚਿਨ ਢਿੰਗਰਾ, ਅਨਿਲ ਤਿਵਾੜੀ, ਤਰਸੇਮ ਧਿਮਾਨ, ਮਨਵਿੰਦਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ | ਸ੍ਰੀਮਤੀ ਗੁਰਮੀਤ ਕੌਰ ਨੇ ਆਪਣੀ ਕਵਿਤਾ ਦਾ ਗਾਇਨ ਕਰਕੇ ਸਰੋਤਿਆਂ ਨੂੰ ਖੁਸ਼ ਕੀਤਾ | ਕਮਲ ਸ਼ਰਮਾ ਵਲੋਂ ਸਟੇਜ ਦੀ ਭੂਮਿਕਾ ਨਿਭਾਈ ਗਈ | ਪ੍ਰੋਗਰਾਮ 'ਚ ਟਾਵਰ ਨਿਵਾਸੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ |