ਬੇਲਾ, 31 ਮਈ (ਮਨਜੀਤ ਸਿੰਘ ਸੈਣੀ)-ਮੁੱਖ ਅਧਿਆਪਕ ਰਾਜ ਵਿੰਦਰ ਸਿੰਘ ਦੀ ਅਗਵਾਈ 'ਚ ਸਕੂਲ ਵਿਚ ਚੱਲ ਰਹੇ ਸਮਰ ਕੈਂਪ ਦੌਰਾਨ ਸਕੂਲ ਦੇ ਬੋਰਡ ਇਮਤਿਹਾਨਾਂ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਤਗਮਿਆਂ ਨਾਲ ਸਨਮਾਨਿਤ ਕੀਤਾ | ਸਨਮਾਨਿਤ ਵਿਦਿਆਰਥੀਆਂ ਵਿਚ ਦਸਵੀਂ ਜਮਾਤ ਦੀ ਮਹਿਕਦੀਪ ਕੌਰ ਨੇ ਪਹਿਲਾ, ਜਸਮੀਨ ਕੌਰ ਨੇ ਦੂਜਾ ਤੇ ਗੁਰਲੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਅੱਠਵੀਂ ਜਮਾਤ ਦੀ ਧਰਮਵੀਰ ਕੌਰ, ਜਸ਼ਨਪ੍ਰੀਤ ਕੌਰ ਤੇ ਮੋਹਿਤ ਵਰਮਾ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹੇ | ਇਸ ਸਾਲ ਵੀ ਸਕੂਲ ਦਾ ਅੱਠਵੀਂ ਤੇ ਦਸਵੀਂ ਜਮਾਤਾਂ ਦਾ ਨਤੀਜਾ 100 ਫੀਸਦੀ ਰਿਹਾ ਹੈ | ਇਸ ਤੋਂ ਇਲਾਵਾ ਸਕੂਲ ਦੇ 8 ਵਿਦਿਆਰਥੀਆਂ ਨੇ ਮੈਰੀਟੋਰੀਅਸ ਤੇ 6 ਵਿਦਿਆਰਥੀਆਂ ਨੇ ਸਕੂਲ ਆਫ਼ ਐਮੀਨੈਂਸ ਦੀ ਦਾਖਲਾ ਪ੍ਰੀਖਿਆ ਪਾਸ ਕੀਤੀ ਹੈ | ਇਸ ਮੌਕੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮਾਪੇ-ਅਧਿਆਪਕ ਮਿਲਣੀ ਵੀ ਕਰਵਾਈ ਗਈ, ਜਿਸ 'ਚ ਸਕੂਲ ਮੁਖੀ ਵਲੋਂ ਮਾਪਿਆਂ ਨੂੰ ਸਕੂਲ ਦੀਆਂ ਪ੍ਰਾਪਤੀਆਂ ਅਤੇ ਤੇਲਗੂ ਭਾਸ਼ਾ ਸੰਬੰਧੀ ਚੱਲ ਰਹੇ ਸਮਰ ਕੈਂਪ ਬਾਰੇ ਵੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਵਿਦਿਆਰਥੀਆਂ ਵਲੋਂ ਠੰਢੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ |