ਰੂਪਨਗਰ, 2 ਜੂਨ (ਸਤਨਾਮ ਸਿੰਘ ਸੱਤੀ)-ਟੀ. ਬੀ. ਦੇ ਰੋਗ ਦੀ ਸਮੇਂ ਸਿਰ ਪਛਾਣ ਤੇ ਇਲਾਜ ਨੂੰ ਲੈ ਕੇ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਲਈ ਜ਼ਿਲ੍ਹਾ ਹਸਪਤਾਲ ਰੂਪਨਗਰ ਤੋਂ ਸਿਵਲ ਸਰਜਨ ਡਾ. ਸਵਪਨਜੀਤ ਕੌਰ ਵਲੋਂ ਸੀ. ਬੀ. ਨੈਟ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਡਾ. ਸਵਪਨਜੀਤ ਕੌਰ ਨੇ ਦੱਸਿਆ ਕਿ ਇਹ ਵੈਨ ਪੂਰੇ ਜ਼ਿਲ੍ਹੇ 'ਚ ਪੇਂਡੂ ਤੇ ਪਿਛੜੇ ਇਲਾਕਿਆਂ ਤੱਕ ਪਹੁੰਚ ਕਰੇਗੀ ਤਾਂ ਜੋ ਲੋਕਾਂ ਨੂੰ ਘਰ ਬੈਠੇ ਹੀ ਟੀ. ਬੀ. ਦੀ ਮੁਫ਼ਤ ਜਾਂਚ ਦੀ ਸਹੂਲਤ ਮਿਲ ਸਕੇ | ਉਨ੍ਹਾਂ ਦੱਸਿਆ ਕਿ ਇਹ ਵੈਨ ਨਵੀਨਤਮ ਸੀ. ਬੀ. ਨੈਟ (ਕਾਰਟਿ੍ਜ਼ ਬੇਸਡ ਨਿਊਕਲੀਅਸ ਐਸਿਡ ਐਂਪਲੀਫਿਕੇਸ਼ਨ ਟੈਸਟ) ਤਕਨੀਕ ਨਾਲ ਲੈਸ ਹੈ, ਜੋ ਕੁਝ ਘੰਟਿਆਂ 'ਚ ਹੀ ਟੀ. ਬੀ. ਤੇ ਡਰੱਗ ਰੈਜ਼ਿਸਟੈਂਟ ਟੀ. ਬੀ. ਦੀ ਪਛਾਣ ਕਰਨ ਵਿਚ ਸਮਰੱਥ ਹੈ | ਇਹ ਮੁਹਿੰਮ ਰਾਸ਼ਟਰੀ ਟੀ. ਬੀ. ਐਲੀਮੀਨੇਸ਼ਨ ਮੁਹਿੰਮ (ਐਨਟੀਈਪੀ) ਦਾ ਹਿੱਸਾ ਹੈ ਅਤੇ ਪੰਜਾਬ ਸਿਹਤ ਵਿਭਾਗ ਦੁਆਰਾ ਕੇਂਦਰੀ ਏਜੰਸੀਆਂ ਅਤੇ ਸਹਿਯੋਗੀ ਸੰਸਥਾਵਾਂ ਦੇ ਨਾਲ ਮਿਲ ਕੇ ਚਲਾਈ ਜਾ ਰਹੀ ਹੈ | ਸਿਵਲ ਸਰਜਨ ਨੇ ਕਿਹਾ ਕਿ ਇਸ ਬਿਮਾਰੀ ਦੀ ਸ਼ੁਰੂਆਤੀ ਪਛਾਣ ਬਹੁਤ ਜ਼ਰੂਰੀ ਹੈ | ਸੀ. ਬੀ. ਨੈਟ ਵੈਨ ਇਸ ਕੰਮ ਨੂੰ ਪੇਂਡੂ ਇਲਾਕਿਆਂ ਤੱਕ ਲੈ ਜਾ ਕੇ ਇਲਾਜ ਦੀ ਪਹਿਲੀ ਕੜੀ ਨੂੰ ਆਸਾਨ ਅਤੇ ਤੇਜ਼ ਬਣਾਏਗੀ | ਇਹ ਵੈਨ 2 ਜੂਨ ਤੋਂ 10 ਜੂਨ ਤੱਕ, ਪ੍ਰਤੀ ਬਲਾਕ ਦੋ-ਦੋ ਦਿਨ ਤੱਕ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ, ਕਸਬਿਆਂ ਅਤੇ ਹਾਈ-ਰਿਸਕ ਲੋਕੇਸ਼ਨਾਂ ਜਿਵੇਂ ਕਿ ਮਾਈਗ੍ਰੈਂਟ ਮਜ਼ਦੂਰਾਂ, ਝੁੱਗੀ ਵਾਸੀਆਂ ਦੇ ਇਲਾਕਿਆਂ 'ਚ ਪਹੁੰਚੇਗੀ | ਇਸ ਜਾਂਚ ਦੀ ਸੇਵਾ ਮੁਫ਼ਤ ਹੋਵੇਗੀ ਤੇ ਰਿਪੋਰਟ ਤੁਰੰਤ ਉਪਲਬਧ ਕਰਵਾਈ ਜਾਵੇਗੀ, ਜਿਨ੍ਹਾਂ ਰੋਗੀਆਂ ਵਿਚ ਟੀ. ਬੀ. ਦੀ ਪੁਸ਼ਟੀ ਹੋਏਗੀ, ਉਨ੍ਹਾਂ ਨੂੰ ਸਰਕਾਰੀ ਸਿਹਤ ਸੇਵਾਵਾਂ ਰਾਹੀਂ ਤੁਰੰਤ ਇਲਾਜ ਦਿੱਤਾ ਜਾਵੇਗਾ | ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਬੋਬੀ ਗੁਲਾਟੀ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਨਵਰੂਪ ਕੌਰ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਮੀਤ ਕੌਰ, ਡਿਪਟੀ ਮਾਸ ਮੀਡੀਆ ਅਫ਼ਸਰ ਰਵਿੰਦਰ ਸਿੰਘ ਅਤੇ ਰਿਤੂ, ਬੀ. ਸੀ. ਸੀ. ਕੋਆਰਡੀਨੇਟਰ ਸੁਖਜੀਤ ਕੰਬੋਜ ਅਤੇ ਜ਼ਿਲ੍ਹਾ ਤਪਦਿਕ ਕੇਂਦਰ ਤੋਂ ਇੰਦਰਜੀਤ ਸਿੰਘ ਡੀ. ਪੀ. ਐਸ. ਹਾਜ਼ਰ ਸਨ |