ਰੂਪਨਗਰ, 31 ਅਗਸਤ (ਸਤਨਾਮ ਸਿੰਘ ਸੱਤੀ)-ਇਨਰਵੀਲ ਕਲੱਬ ਰੂਪਨਗਰ ਦੀ ਪ੍ਰਧਾਨ ਗੁਰਮੀਤ ਕੌਰ ਅਤੇ ਸਕੱਤਰ ਸ਼੍ਰੀਮਤੀ ਕੁਸਮ ਸ਼ਰਮਾ ਦੀ ਅਗਵਾਈ ਹੇਠ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ | ਇਸ ਮੌਕੇ ਸ਼ਾਮਪੁਰਾ ਫੁਟਬਾਲ ਮੈਦਾਨ ਵਿਚ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਸਮਰਪਿਤ 17 ਸਾਲ ਉਮਰ ਵਰਗ ਦੀਆਂ ਕੁੜੀਆਂ ਵਿਚਕਾਰ ਦੋਸਤਾਨਾ ਫੁਟਬਾਲ ਮੈਚ ਕਰਵਾਇਆ ਗਿਆ | ਮੁਕਾਬਲੇ ਵਿਚ ਸ਼ਾਮਪੁਰਾ ਦੀ ਟੀਮ ਜੇਤੂ ਰਹੀ | ਜੇਤੂ ਟੀਮ ਨੂੰ ਟਰਾਫੀ ਤੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ, ਜਦਕਿ ਰਨਰਅੱਪ ਟੀਮ ਨੂੰ ਸਿਲਵਰ ਮੈਡਲ ਦਿੱਤਾ ਗਿਆ | ਰੈਫਰੀ ਦੀ ਭੂਮਿਕਾ ਕੋਚ ਲਵਪ੍ਰੀਤ ਸਿੰਘ ਤੇ ਕੋਚ ਬਲਜੀਤ ਸਿੰਘ ਨੇ ਨਿਭਾਈ | ਖਿਡਾਰੀਆਂ ਲਈ ਕਲੱਬ ਵਲੋਂ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ | ਇਨਰਵੀਲ ਕਲੱਬ ਨੇ ਇਸ ਦੋਸਤਾਨਾ ਮੁਕਾਬਲੇ ਰਾਹੀਂ ਮਹਿਲਾ ਸਸ਼ਕਤੀਕਰਨ ਦਾ ਸੰਦੇਸ਼ ਦਿੱਤਾ | ਕਲੱਬ ਦੀ ਪ੍ਰਧਾਨ ਤੇ ਹੋਰ ਮੈਂਬਰਾਂ ਨੇ ਕਿਹਾ ਕਿ ਖੇਡਾਂ ਸਿਰਫ਼ ਮਨੋਰੰਜਨ ਨਹੀਂ, ਸਗੋਂ ਜੀਵਨ ਵਿਚ ਅਨੁਸ਼ਾਸਨ, ਮਾਨਸਿਕ ਤਾਕਤ, ਟੀਮ ਵਰਕ, ਸਕਾਰਾਤਮਕ ਸੋਚ ਤੇ ਲੀਡਰਸ਼ਿਪ ਦੀ ਭਾਵਨਾ ਪੈਦਾ ਕਰਦੀਆਂ ਹਨ | ਸ਼ੇਰੇ ਪੰਜਾਬ ਕਲੱਬ ਸ਼ਾਮਪੁਰਾ ਦੇ ਪ੍ਰਧਾਨ ਜਸਵਿੰਦਰ ਪਾਲ ਸਿੰਘ ਨੇ ਇਨਰਵੀਲ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਕਲੱਬ ਦੀ ਐਡੀਟਰ ਪਰਮਿੰਦਰ ਕੌਰ, ਸ਼੍ਰੀਮਤੀ ਸਿ੍ਸ਼ਟੀ ਸ਼ਰਮਾ, ਮਨਦੀਪ ਕੌਰ, ਕੁਲਵਿੰਦਰ ਕੌਰ ਅਤੇ ਸ਼੍ਰੀਮਤੀ ਮੀਨਲ ਵਾਸੂ ਦੇਵਾ ਜ਼ਿਲ੍ਹਾ ਕੋਆਰਡੀਨੇਟਰ ਸਮੇਤ ਕਈ ਮੈਂਬਰ ਹਾਜ਼ਰ ਸਨ |