ਬੇਲਾ, 4 ਸਤੰਬਰ (ਮਨਜੀਤ ਸਿੰਘ ਸੈਣੀ)-ਬਲਾਕ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਦਾਊਦਪੂਰ ਅਤੇ ਸਾਰੰਗਪੁਰ ਫੱਸੇ ਵਿਖੇ ਤੇਜ਼ ਗਤੀ ਨਾਲ ਵੱਗਦਾ ਸਤਲੁਜ ਦਰਿਆ ਦਾ ਪਾਣੀ ਪਿਛਲੇ ਚਾਰ ਪੰਜ ਦਿਨਾਂ ਤੋਂ ਬੰਨ੍ਹ ਨੂੰ ਢਾਹ ਲਗਾ ਰਿਹਾ ਹੈ, ਪ੍ਰੰਤੂ ਲੋਕਾਂ ਦੇ ਹੜ੍ਹ ਅੱਗੇ ਸਤਲੁਜ ਦੇ ਹੜ੍ਹਾਂ ਦਾ ਪਾਣੀ ਵੀ ਬੇਬੱਸ ਨਜਰ ਆ ਰਿਹਾ ਹੈ | ਦਿਨ ਰਾਤ ਸੇਵਾ ਵਿਚ ਲੱਗੇ ਰੋਪੜ, ਫਤਿਹਗੜ੍ਹ ਸਾਹਿਬ, ਮੋਹਾਲੀ ਮਾਛੀਵਾੜੇ ਦੇ ਨੌਜਵਾਨਾ ਵਲੋਂ ਮਿੱਟੀ ਅਤੇ ਵੱਖ-ਵੱਖ ਪਿੰਡਾਂ ਤੋਂ ਟਰਾਲੀਆਂ ਵਿਚ ਭਰ ਦੇ ਲਿਆਂਦੇ ਜਾ ਰਹੇ ਮਿੱਟੀ ਦੇ ਥੈਲੇ ਲਗਾਏ ਜਾ ਰਹੇ ਹਨ | ਬੀਤੀ ਰਾਤ ਇਲਾਕੇ ਵਿਚੋਂ ਲੰਘਦੀਆਂ ਬੁੱਧਕੀ ਅਤੇ ਸੀਸਵਾਂ ਨਦੀਆਂ ਦਾ ਪਾਣੀ ਅਤੇ ਭਾਖੜਾ ਡੈਮ ਤੋਂ ਸਤਲੁਜ ਵਿਚ ਛੱਡੇ ਪਾਣੀ ਕਾਰਣ ਦਾਊਦਪੂਰ ਅਤੇ ਸਾਰੰਗਪੁਰ ਫੱਸੇ ਬੰਨ ਟੁੱਟਣ ਦੀ ਕਾਗਾਰ ਤੇ ਸਨ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਵੀਡੀਓ ਕਾਰਣ ਬੀਤੀ ਰਾਤ ਤੋਂ ਹੀ ਦੋਵੇਂ ਥਾਵਾਂ ਤੇ ਵੱਡੀ ਗਿਣਤੀ ਵਿਚ ਪਹੁੰਚੇ ਨੌਜਵਾਨਾਂ ਨੇ ਮੋਰਚਾ ਸੰਭਾਲਿਆ ਹੋਇਆ ਹੈ, ਮਿੱਟੀ ਦੇ ਥੈਲੇ ਭਰ ਕੇ ਲਗਾਏ ਜਾ ਰਹੇ ਹਨ, ਜਿਸ ਕਰਕੇ ਬੰਨ੍ਹ ਟੁੱਟਣ ਤੇ ਬਚੇ ਹੋਏ ਹਨ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫੱਸੇ ਸਤਲੁਜ ਦਰਿਆ ਤੇ ਪਹੁੰਚੇ ਜਿਨ੍ਹਾਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਵਿਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਹੜ੍ਹਾਂ ਕਾਰਣ ਲੋਕਾਂ ਦੀ ਜਾਨ ਮਾਲ ਦਾ ਨੁਕਸਾਨ ਹੋ ਰਿਹਾ ਹੈ, ਭਗਵੰਤ ਮਾਨ ਆਪਣੀ ਪਾਰਟੀ ਦੀ ਵਰਕਰ ਦੇ ਗਲ ਲੱਗ ਕੇ ਰੋਣ ਦੇ ਡਰਾਮੇ ਕਰ ਰਿਹਾ ਹੈ | ਪੰਜਾਬ ਸਰਕਾਰ ਅਤੇ ਕੇਂਦਰ ਦੀ ਸਰਕਾਰ ਨੇ ਹਾਲੇ ਤੱਕ ਕੋਈ ਵੀ ਰਾਹਤ ਸਮੱਗਰੀ, ਮਾਲੀ ਸਹਾਇਤਾ ਦੇ ਨਾਮ ਤੇ ਇੱਕ ਰੁਪਇਆ ਨਹੀਂ ਦਿੱਤਾ ਖਾਲੀ ਥੈਲੇ ਵੀ ਲੋਕਾਂ ਵਲੋਂ ਦਿੱਤੇ ਜਾ ਰਹੇ ਹਨ | ਕਾਂਗਰਸ ਅਤੇ ਝਾੜੂ ਵਾਲਿਆਂ ਵਲੋਂ ਇਲਾਕੇ ਵਿਚ ਕੀਤੀ ਨਜਾਇਜ਼ ਮਾਈਨਿੰਗ ਇਲਾਕੇ ਦੇ ਲੋਕਾਂ ਲਈ ਪ੍ਰੇਸ਼ਾਨੀਆਂ ਦਾ ਸਬੱਬ ਬਣੀ ਹੋਈ ਹੈ ਇਹ ਸਾਰੇ ਹਾਲਾਤ ਮਾਇਨਿੰਗ ਕਾਰਣ ਬਣੇ ਹੋਏ ਹਨ | ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਪਿੰਡ ਫੱਸਿਆ ਦੀ ਗ੍ਰਾਮ ਪੰਚਾਇਤ ਨੂੰ ਦੋ ਲੱਖ ਰੁਪਏ ਦੀ ਨਗਦ ਸਹਾਇਤਾ ਰਾਸ਼ੀ ਦਿੱਤੀ ਅਤੇ ਹੋਰ ਸਹਾਇਤਾ ਦਾ ਵਾਅਦਾ ਕੀਤਾ | ਇਸ ਮੌਕੇ ਫੱਸਿਆਂ ਦੀ ਗ੍ਰਾਮ ਪੰਚਾਇਤ, ਸਰਪੰਚ ਮਨਪ੍ਰੀਤ ਕੌਰ ਅਤੇ ਹਰਪ੍ਰੀਤ ਸਿੰਘ ਨੇ ਸ. ਬਾਦਲ ਦਾ ਧੰਨਵਾਦ ਕੀਤਾ | ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਲੱਖੇਵਾਲ, ਅਰਵਿੰਦਰ ਸਿੰਘ ਖੇੜਾ, ਪਰਮਜੀਤ ਸਿੰਘ ਢਿੱਲੋਂ ਸਮਰਾਲਾ, ਅੰਮਿ੍ਤ ਪਾਲ ਸਿੰਘ ਰਾਏਪੁਰ, ਕੁਲਵੀਰ ਸਿੰਘ ਸੈਣੀ, ਰੁਪਿੰਦਰ ਹੈਪੀ ਲੱਖੇਵਾਲ, ਹਰਜੀਤ ਸਿੰਘ ਜਟਾਣਾ, ਹਰਸ਼ ਜਟਾਣਾ,ਕਿ੍ਪਾਲ ਸਿੰਘ ਬੇਲਾ, ਸਾਬਕਾ ਸਰਪੰਚ ਅਜੈਬ ਸਿੰਘ ਜਗਤਪੁਰ, ਸਾਹਿਲ ਜਾਤੀਵਾਲ, ਰਾਜੀਵ ਬਾਂਸਲ, ਜੌਲੀ ਮੋਰਿੰਡਾ, ਪਰਮਜੀਤ ਸਿੰਘ ਲੁਠੇੜੀ, ਰਿੰਪਲ ਫੱਸੇ, ਸਰਪੰਚ ਬਲਵੀਰ ਕੌਰ ਮੋਹਨ ਮਾਜਰਾ, ਜਸਪਾਲ ਸਿੰਘ, ਕਿ੍ਸ਼ਨ ਕੁਮਾਰ, ਗੁਰਚੈੜ ਸਿੰਘ, ਪੰਚ ਰਣਜੀਤ ਕੌਰ, ਹਰਜੀਤ ਸਿੰਘ ਮਨਜੀਤ, ਨੰਬਰਦਾਰ ਪੰਜਾਬ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ |