ਰੂਪਨਗਰ, 4 ਸਤੰਬਰ (ਸਤਨਾਮ ਸਿੰਘ ਸੱਤੀ )-ਸੀਨੀਅਰ ਕਪਤਾਨ ਪੁਲਿਸ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਰੂਪਨਗਰ ਪੁਲਿਸ ਵਲੋਂ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆ ਵਿਰੁੱਧਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਵਲੋਂ ਵੱਖ-ਵੱਖ ਸਥਾਨਾ ਤੇ ਨਾਕਾਬੰਦੀਆਂ ਅਤੇ ਗਸ਼ਤਾ ਰਾਹੀ ਨਸ਼ਾ ਤਸਕਰਾਂ ਅਤੇ ਭੈੜੇ ਅਨਸਰਾਂ ਦੀ ਚੈਕਿੰਗ ਕੀਤੀ ਗਈ, ਜਿਸ ਦੌਰਾਨ ਥਾਣਾ ਸਿਟੀ ਰੂਪਨਗਰ ਵਲੋਂ ਮੁਹੰਮਦ ਜੀਸ਼ਾਨ ਵਾਸੀ ਸਾਹਮਣੇ ਰਾਮ ਲੀਲਾ ਗਰਾਊਡ ਨੇੜੇ ਲਹਿਰੀ ਸ਼ਾਹ ਮੰਦਰ ਰੂਪਨਗਰ ਨੂੰ ਗਿ੍ਫਤਾਰ ਕਰਕੇ ਉਸ ਪਾਸੋਂ 10 ਗ੍ਰਾਮ ਤੋਂ ਵੱਧ ਨਸ਼ੀਲਾ ਪਾਊਡਰ ਬ੍ਰਾਮਦ ਕੀਤਾ ਗਿਆ ਅਤੇ ਉਸ ਖਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ | ਉਨ੍ਹਾਂ ਅੱਗੇ ਦੱਸਿਆ ਕਿ ਥਾਣਾ ਸਿਟੀ ਰੂਪਨਗਰ ਦੀ ਪੁਲਿਸ ਪਾਰਟੀ ਨੂੰ ਲਹਿਰੀ ਸ਼ਾਹ ਮੰਦਿਰ ਰੋਡ ਤੇ ਚੈਕਿੰਗ ਦੌਰਾਨ ਜਸਪਾਲ ਸਿੰਘ ਉਰਫ ਜੱਸੀ ਵਾਸੀ ਪਿੰਡ ਰੈਲਮਾਜਰਾ ਥਾਣਾ ਕਾਠਗੜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਸਕੂਟਰੀ ਮਾਰਕਾ ਹਾਂਡਾ ਐਕਟਿਵਾ ਰੰਗ ਚਿੱਟਾ ਤੇ ਆ ਰਿਹਾ ਦਿਖਾਈ ਦਿੱਤਾ, ਜਿਸ ਨੂੰ ਸਕੂਟਰੀ ਦੇ ਕਾਗਜ਼ਾਤ ਦਿਖਾਉਣ ਲਈ ਕਿਹਾ ਗਿਆ ਪ੍ਰੰਤੂ ਉਹ ਮੌਕੇ 'ਤੇ ਕੋਈ ਕਾਗਜ਼ਾਤ ਪੇਸ਼ ਨਹੀ ਕਰ ਸਕਿਆ | ਜਿਸ ਦੀ ਮੁੱਢਲੀ ਤਫਤੀਸ਼ ਤੋ ਪਤਾ ਲੱਗਾ ਕਿ ਉਸਨੇ ਇਹ ਐਕਟੀਵਾ ਜ਼ਿਲ੍ਹਾ ਹੁਸ਼ਿਆਪੁਰ ਤੋਂ ਚੋਰੀ ਕੀਤੀ ਹੋਈ ਹੈ | ਜਿਸ 'ਤੇ ਜਸਪਾਲ ਸਿੰਘ ਉਕਤ ਨੂੰ ਗਿ੍ਫਤਾਰ ਕਰਕੇ ਉਸਦੇ ਖਿਲਾਫ ਬੀ.ਐਨ.ਐਸ. ਦੀ ਧਾਰਾਵਾਂ ਹੇਠ ਮੁਕੱਦਮਾ ਦਰਜ ਕੀਤਾ ਗਿਆ |