ਨੰਗਲ, 4 ਅਗਸਤ (ਪ੍ਰੀਤਮ ਸਿੰਘ ਬਰਾਰੀ)-ਬੀ.ਬੀ.ਐਮ.ਬੀ. ਮੈਨੇਜਮੈਂਟ ਵਲੋਂ ਸਤਲੁਜ ਦਰਿਆ ਵਿਚ ਪਾਣੀ ਛੱਡਣ ਤੋਂ ਬਾਅਦ ਅਜ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਅੱਜ ਆਪਣੇ ਹਲਕੇ ਦੇ ਕਈ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਗਿਆ | ਉਹ ਨੰਗਲ ਵਿਖੇ ਸਤਲੁਜ ਦਰਿਆ ਦ ਕੰਢੇ ਸਥਿਤ ਲਕਸ਼ਮੀ ਨਰਾਇਣ ਮੰਦਿਰ ਵੀ ਗਏ, ਜਿੱਥੇ ਮੰਦਿਰ ਦਾ ਕੁਝ ਹਿੱਸਾ ਦਰਿਆ ਦੇ ਤੇਜ਼ ਵਹਾਅ ਕਾਰਨ ਨੁਕਸਾਨਿਆ ਗਿਆ ਸੀ | ਉਹ ਪਿੰਡ ਮੌਜੋਵਾਲ ਵੀ ਗਏ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਲਈ ਕਿਹਾ | ਬੈਂਸ ਨੇ ਫਸਲਾਂ, ਘਰਾਂ ਅਤੇ ਸੜਕਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਵਸਨੀਕਾਂ ਨਾਲ ਮਿਲ ਕੇ ਪ੍ਰਸ਼ਾਸਨ ਵਲੋਂ ਪੂਰੀ ਸਹਾਇਤਾ ਦੇ ਭਰੋਸਾ ਦਿੱਤਾ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਆਪ ਵਲੰਟੀਅਰ ਦਿਨ-ਰਾਤ ਲੋਕਾਂ ਦੀ ਜ਼ਿੰਦਗੀ ਬਚਾਉਣ ਅਤੇ ਰਾਹਤ ਮੁਹੱਈਆ ਕਰਵਾਉਣ ਵਿਚ ਜੁਟੇ ਹੋਏ ਹਨ | ਉਨ੍ਹਾਂ ਕਿਹਾ ਕਿ ਕਈ ਸ਼ੁਭਚਿੰਤਕ ਵਿੱਤੀ ਸਹਾਇਤਾ ਦੇਣਾ ਚਾਹੁੰਦੇ ਹਨ ਪਰ ਇਸ ਸਮੇਂ ਪ੍ਰਸ਼ਾਸਨ ਨੂੰ ਪੈਸਿਆਂ ਦੀ ਲੋੜ ਨਹੀਂ ਹੈ | ਇਸ ਦੀ ਬਜਾਏ ਉਨ੍ਹਾਂ ਨੇ ਅਪੀਲ ਕੀਤੀ ਕਿ ਜੋ ਵੀ ਯੋਗਦਾਨ ਦੇਣਾ ਚਾਹੁੰਦਾ ਹੈ ਉਹ ਬਾਬਾ ਸਤਨਾਮ ਸਿੰਘ ਜੀ, ਬਾਬਾ ਅਵਤਾਰ ਸਿੰਘ ਜੀ, ਬਾਬਾ ਬਾਲ ਜੀ ਅਤੇ ਬਾਬਾ ਜੀ ਪੱਸੀਵਾਲ ਵਾਲੇ ਵਰਗੇ ਧਾਰਮਿਕ ਅਸਥਾਨਾ ਰਾਹੀਂ ਸਹਾਇਤਾ ਕਰਨ | ਬੈਂਸ ਨੇ ਕਿਹਾ ਕਿ ਰਾਹਤ ਕੇਂਦਰਾਂ ਵਿਚ ਭੋਜਨ, ਪਾਣੀ ਅਤੇ ਦਵਾਈਆਂ ਦੀ ਪੂਰੀ ਸਹੂਲਤ ਹੈ ਅਤੇ ਬਚਾਅ ਕਾਰਜਾਂ ਲਈ ਮੋਟਰ ਵੋਟ ਵੀ ਤੈਨਾਤ ਕੀਤੀਆਂ ਗਈਆਂ ਹਨ | ਉਨ੍ਹਾਂ ਨੇ ਨੌਜਵਾਨਾਂ, ਪੰਚਾਂ, ਸਰਪੰਚਾਂ ਅਤੇ ਸੇਵਾਦਾਰਾਂ ਦੀ ਲਗਨ ਦੀ ਸ਼ਲਾਘਾ ਕੀਤੀ | ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋੲ ਬੈਂਸ ਨੇ ਕਿਹਾ ਅਸੀਂ ਰੱਬ ਦਾ ਧੰਨਵਾਦ ਕਰਦੇ ਹਾਂ ਕਿ ਅਜੇ ਤੱਕ ਅਸੀਂ ਹਰ ਇਕ ਜਾਨ ਨੂੰ ਬਚਾਉਣ ਵਿਚ ਕਾਮਯਾਬ ਰਹੇ ਹਾਂ | ਸਭ ਦੇ ਸਹਿਯੋਗ ਨਾਲ ਅਗਲੇ 2-3 ਦਿਨਾਂ ਵਿਚ ਮੁੜ-ਵਸਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ | ਬੈਂਸ ਨੇ ਫਿਰ ਅਪੀਲ ਕੀਤੀ ਕਿ ਨੀਵੇਂ ਇਲਾਕਿਆਂ ਦੇ ਵਸਨੀਕ ਰਾਹਤ ਕੇਂਦਰਾਂ ਵਿਚ ਸ਼ਿਫਟ ਹੋ ਜਾਣ, ਅਫ਼ਵਾਹਾਂ ਤੇ ਧਿਆਨ ਨਾ ਦੇਣ ਅਤੇ ਸਭ ਦੀ ਸੁਰੱਖਿਆ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ |