ਭਰਤਗੜ੍ਹ, 4 ਸਤੰਬਰ (ਜਸਬੀਰ ਸਿੰਘ ਬਾਵਾ)-ਸਿਵਲ ਸਰਜਨ ਰੂਪਨਗਰ ਡਾ. ਬਲਵਿੰਦਰ ਕੌਰ, ਐਸ.ਐਮ.ਓ. ਡਾ. ਆਨੰਦ ਘਈ ਦੇ ਨਿਰਦੇਸ਼ਾਂ 'ਤੇ ਬਲਾਕ ਭਰਤਗੜ੍ਹ ਦੇ ਆਸਪੁਰ ਸਮੇਤ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਵਿਸ਼ੇਸ਼ ਕੈਂਪ ਦੌਰਾਨ ਸਿਹਤ ਟੀਮ ਨੇ ਅੱਜ 114 ਵਿਅਕਤੀਆਂ ਦੀ ਸਿਹਤ ਦੀ ਜਾਂਚ ਅਤੇ 110 ਘਰਾਂ ਦਾ ਸਰਵੇਖਣ ਕੀਤਾ | ਇਸ ਦੌਰਾਨ ਲੋੜਵੰਦਾਂ ਨੂੰ ਓ.ਆਰ.ਐਸ. ਅਤੇ ਕਲੋਰੀਨ ਦਵਾਈ ਮੁਹੱਈਆ ਕੀਤੀ ਤਾਂ ਜੋ ਉਹ ਸੁਰੱਖਿਅਤ ਪਾਣੀ ਦੀ ਵਰਤੋਂ ਕਰ ਸਕਣ, ਐਂਟੀ ਲਾਰਵਾ ਛਿੜਕਾਅ ਕਰਕੇ ਡੇਂਗੂ ਅਤੇ ਹੋਰ ਮੱਛਰ-ਜਨਤ ਰੋਗਾਂ ਦੇ ਬਚਾਅ ਤੋਂ ਲਈ ਕਦਮ ਵੀ ਚੁੱਕੇ | ਐਸ. ਆਈ. ਜਸਵਿੰਦਰ ਸਿੰਘ, ਸੀ. ਐਚ. ਓ. ਡਾ. ਕੁਨਾਲ ਸ਼ਰਮਾ, ਮਮਤਾ, ਹੈਲਥ ਵਰਕਰ ਰਵਿੰਦਰ ਕੁਮਾਰ, ਹਰਮੀਤ ਕੌਰ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਪਾਣੀ ਨਾਲ ਸੰਬੰਧਿਤ ਰੋਗਾਂ ਦੇ ਫੈਲਣ ਦੀ ਸੰਭਾਵਨਾ ਵੱਧ ਜਾਂਦੀ ਹੈ, ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਘਰਾਂ ਵਿਚ ਸਾਫ਼-ਸੁਥਰਾ ਵਾਤਾਵਰਣ ਬਣਾਈ ਰੱਖਣ, ਪਾਣੀ ਦੇ ਬਰਤਨ ਢੱਕ ਕੇ ਰੱਖਣ, ਬਿਨਾਂ ਵਰਤੋਂ ਦੇ ਬਰਤਨਾਂ 'ਚ ਪਾਣੀ ਇਕੱਠਾ ਨਾ ਹੋਣ ਦੇਣ, ਮੱਛਰ ਦੀ ਪੈਦਾਵਾਰ ਰੋਕਣ ਲਈ ਚੌਕਸੀ ਵਰਤਣ | ਬੀ. ਈ. ਈ. ਸਾਹਿਲ ਸੁਖੇਰਾ ਨੇ ਕਿਹਾ ਕਿ ਹੜ੍ਹਾਂ ਮਗਰੋਂ ਜੇਕਰ ਕਿਸੇ ਨੂੰ ਬੁਖ਼ਾਰ ਜਾਂ ਹੋਰ ਲੱਛਣ ਨਜ਼ਰ ਆਉਣ ਤਾਂ ਤੁਰੰਤ ਸਿਹਤ ਕੇਂਦਰ ਆਕੇ ਇਲਾਜ ਕਰਵਾਉਣ |