ਸ੍ਰੀ ਅਨੰਦਪੁਰ ਸਾਹਿਬ, 4 ਸਤੰਬਰ (ਕਰਨੈਲ ਸਿੰਘ)-ਸਥਾਨਕ ਬਸ ਅੱਡੇ ਦੇ ਸਾਹਮਣੇ ਨੰਗਲ-ਰੂਪਨਗਰ ਮੁੱਖ ਮਾਰਗ 'ਤੇ ਪਏ ਟੋਏ ਜਿਥੇ ਹਰ ਰੋਜ਼ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਉਥੇ ਹੀ ਲੋਕ ਨਿਰਮਾਣ ਵਿਭਾਗ ਅਤੇ ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤਾ ਪਿਆਂ ਹੈ | ਜਿਸ ਕਰਕੇ ਇਸ ਮੁੱਖ ਮਾਰਗ 'ਤੇ ਆਉਣ ਜਾਣ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਿਕਰਯੋਗ ਹੈ ਕਿ ਸਥਾਨਕ ਬੱਸ ਅੱਡਾ ਦੇ ਨਾਲ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਸਾਹਮਣੇ ਪਿਛਲੇ ਲੰਮੇ ਸਮੇਂ ਤੋਂ ਵੱਡੇ ਵੱਡੇ ਟੋਏ ਪਏ ਹੋਏ ਹਨ | ਇਹ ਮਾਰਗ ਹਿਮਾਚਲ ਪ੍ਰਦੇਸ਼ ਨੂੰ ਜਾਂਦੇ ਵਾਹਨਾਂ ਲਈ ਵੀ ਮੁੱਖ ਸਰੋਤ ਹੈ | ਜਿਸ ਕਰਕੇ ਇਥੇ ਹਰ ਵੇਲੇ ਵੱਡੇ ਛੋਟੇ ਵਾਹਨਾਂ ਦਾ ਲਗਾਤਾਰ ਆਉਣ ਜਾਣ ਚਲਦਾ ਰਹਿੰਦਾ ਹੈ | ਪਿਛੋਂ ਰਫਤਾਰ 'ਚ ਆਉਦੇ ਵਾਹਨਾਂ ਇਨ੍ਹਾਂ ਟੋਇਆ ਕਾਰਨ ਕਈ ਵਾਰ ਆਪਣਾ ਸੰਤੁਲਨ ਛੱਡ ਜਾਂਦੇ ਹਨ | ਜਿਸ ਕਰਕੇ ਵੀ ਲਗਾਤਾਰ ਹਾਦਸੇ ਵਾਪਰ ਰਹੇ ਹਨ | ਦਸਣਯੋਗ ਇਹ ਵੀ ਹੈ ਕਿ ਇਸੇ ਸਥਾਨ ਤੋਂ ਸ਼ਹਿਰ ਆਉਣ ਜਾਣ ਲਈ ਵੀ ਮੁੱਖ ਰਸਤਾ ਹੈ | ਪਰ ਇਸ ਦੇ ਬਾਵਜੂਦ ਵੀ ਵਿਭਾਗ ਅਤੇ ਪ੍ਰਸ਼ਾਸ਼ਨ ਵਲੋਂ ਇਸ ਪਾਸੇ ਕੋਈ ਧਿਆਨ ਨਾ ਦੇਣ ਕਰਕੇ ਲੋਕਾਂ 'ਚ ਭਾਰੀ ਰੋਸ ਵੀ ਹੈ | ਲਗਾਤਾਰ ਹੋ ਰਹੀਆਂ ਭਾਰੀ ਬਰਸਾਤ ਕਰਕੇ ਵੀ ਇਸੇ ਸਥਾਨ ਤੋਂ ਮੁੱਖ ਮਾਰਗ ਦੀ ਹਾਲਤ ਹੋਰ ਵੀ ਖਸਤਾ ਹੋ ਚੁੱਕੀ ਹੈ | ਪਰ ਸਾਰਾ ਕੁਝ ਦੇਖਦਿਆਂ ਹੋਇਆ ਵੀ ਸੰਬੰਧਿਤ ਵਿਭਾਗੀ ਅਧਿਕਾਰੀ ਅੱਖਾਂ ਬੰਦ ਕਰਕੇ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੇ ਲੱਗਦੇ ਹਨ | ਸ਼ਹਿਰ ਅਤੇ ਇਲਾਕਾ ਨਿਵਾਸੀਆਂ ਨੇ ਵਿਭਾਗ ਅਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਉਕਤ ਸਥਾਨ ਤੋਂ ਇਸ ਮੁੱਖ ਮਾਰਗ ਨੂੰ ਪੱਕੇ ਤੌਰ 'ਤੇ ਆਵਾਜਾਈ ਯੋਗ ਬਣਾਇਆ ਜਾਵੇ ਤਾਂ ਨਿੱਤ ਦਿਨ ਇਥੇ ਵਾਪਰ ਦੇ ਹਾਦਸਿਆਂ ਤੋਂ ਲੋਕਾਂ ਨੂੰ ਨਿਜਾਤ ਮਿਲ ਸਕੇ |