ਬੇਲਾ, 22 ਸਤੰਬਰ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਪੋਸਟ ਗ੍ਰੈਜੁਏਟ ਰਾਜਨੀਤੀ ਵਿਭਾਗ ਵਲੋਂ 'ਅਭਿਆਸ ਵਿਦਿਆਰਥੀ ਸੰਸਦ ਸੈਸ਼ਨ' ਕਰਵਾਇਆ ਗਿਆ | ਕਾਲਜ ਪ੍ਰਧਾਨ ਸੰਗਤ ਸਿੰਘ ਲੌਗੀਆ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਤੁਹਾਨੂੰ ਸਮਾਜਿਕ ਜਿੰਮੇਵਾਰੀਆਂ ਨੂੰ ਸਮਝਣ ਅਤੇ ਸਹੀ ਫੈਸਲੇ ਕਰਨ ਲਈ ਤਿਆਰ ਕਰਦੀਆਂ ਹਨ | ਕਾਲਜ ਸਕੱਤਰ ਜਗਵਿੰਦਰ ਸਿੰਘ ਪੰਮੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਸੀਂ ਅੱਜ ਜੋ ਸਿੱਖ ਰਹੇ ਹੋ, ਉਹ ਤੁਹਾਨੂੰ ਭਵਿੱਖ ਵਿਚ ਚੰਗੇ ਨਾਗਰਿਕ ਬਣਨ ਵਿਚ ਮਦਦ ਕਰੇਗਾ | ਮੈਨੇਜਰ ਸੁਖਵਿੰਦਰ ਸਿੰਘ ਵਿਸਕੀ ਨੇ ਕਿਹਾ ਕਿ ਇਹ ਮੰਚ ਤੁਹਾਡੇ ਵਿਚਾਰਾਂ ਨੂੰ ਲੋਕਤੰਤਰਕ ਪ੍ਰਕਿ੍ਆ ਵਿਚ ਭਾਗ ਲੈਣ ਅਤੇ ਇਜ਼ਹਾਰ ਕਰਨ ਲਈ ਇਕ ਮੱਹਤਪੂਰਨ ਮੌਕਾ ਹੈ | ਇਸ ਮੌਕੇ ਪਿ੍ੰਸੀਪਲ ਡਾ. ਸਤੰਵਤ ਕੌਰ ਸ਼ਾਹੀ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਇਹ ਸ਼ੈਸਨ ਤੁਹਾਨੂੰ ਨਾ ਸਿਰਫ਼ ਕਿਤਾਬੀ ਗਿਆਨ ਦੇ ਨਾਲ ਜੋੜਦਾ ਹੈ, ਸਗੋਂ ਤੁਹਾਨੂੰ ਲੋਕਤੰਤਰ ਦੇ ਅਸਲੀ ਮੁੱਲਾਂ, ਨੇਤਿ੍ਤਵ ਦੇ ਗੁਣਾਂ ਅਤੇ ਸਮਾਜਿਕ ਜਿੰਮੇਵਾਰੀਆਂ ਨਾਲ ਰੂ-ਬ-ਰੂ ਕਰਵਾਉਂਦਾ ਹੈ | ਹਰ ਵਿਦਿਆਰਥੀ ਵਿਚ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਣ ਦੀ ਸਮਰੱਥਾ ਹੈ, ਅਤੇ ਇਹ ਸ਼ੈਸਨ ਉਸ ਦਾ ਪਹਿਲਾ ਕਦਮ ਹੈ | ਕੋਆਰਡੀਨੇਟਰ ਸਹਾਇਕ ਪ੍ਰੋ. ਅਭਿਸ਼ੇਕ ਸਿੰਘ ਦੇ ਅਣਥੱਕ ਯਤਨਾਂ ਸਦਕਾ ਇਹ ਪ੍ਰੋਗਰਾਮ ਸਫਲਤਾ ਪੂਰਵਕ ਨੇਪਰੇ ਚੜਿਆ | ਇਸ ਸੈਸ਼ਨ ਵਿਚ ਐੱਮ. ਏ. ਰਾਜਨੀਤੀ ਭਾਗ ਪਹਿਲਾ ਅਤੇ ਦੂਜਾ, ਬੀ. ਏ. ਦੇ ਵਿਦਿਆਰਥੀਆਂ ਨੇ ਪੂਰੇ ਜੋਸ਼ ਨਾਲ ਭਾਗ ਲਿਆ | ਸੰਸਦੀ ਕਾਰਵਾਈ ਦੀ ਸ਼ੁਰੂਆਤ ਵਿੱਚ ਸਪੀਕਰ ਦੀ ਸੰਸਦ ਮੈਬਰਾਂ ਨੂੰ ਭੂਮਿਕਾ ਨਿਭਾਉਣ ਵਾਲੀ ਵਿਦਿਆਰਥਣ ਹਰਜੋਤ ਕੌਰ ਨੇ ਉਪ-ਚੋਣਾਂ ਵਿਚ ਜਿੱਤ ਕੇ ਆਏ ਨਵੇਂ ਸੰਸਦ ਮੈਂਬਰਾਂ ਤੋਂ ਸੌਂਹ ਚੁਕਵਾਈ ਅਤੇ ਪ੍ਰਸ਼ਨ ਕਾਲ ਨਾਲ ਫਿਰ ਚਰਚਾ ਦੀ ਸ਼ੁਰੂਆਤ ਕੀਤੀ | ਪ੍ਰਧਾਨ ਮੰਤਰੀ, ਵਿੱਤ ਮੰਤਰੀ, ਸਿੱਖਿਆ ਮੰਤਰੀ, ਖੇਤੀ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਸਮੇਤ ਵਿਦਿਆਰਥੀਆਂ ਨੇ ਦੇਸ਼ ਦੇ ਵੱਖ-ਵੱਖ ਗੰਭੀਰ ਸਮਾਜਿਕ, ਆਰਥਿਕ ਅਤੇ ਸਿੱਖਿਆ ਸੰਬੰਧੀ ਮੁੱਦਿਆਂ ਤੇ ਤਿੱਖੀ ਬਹਿਸ ਕੀਤੀ, ਜਿਸ ਨੇ ਦਰਸ਼ਕਾਂ ਨੂੰ ਸ਼ੁਰੂ ਤੋਂ ਅੰਤ ਤੱਕ ਰੌਚਕਤਾ ਨਾਲ ਜੋੜ ਕੇ ਰੱਖਿਆ | ਸਟੇਜ ਸੱਕਤਰ ਦੀ ਭੂਮਿਕਾ ਡਾ. ਹਰਪ੍ਰੀਤ ਕੌਰ ਅਤੇ ਡਾ. ਹਰਪ੍ਰੀਤ ਸਿੰਘ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲੈਫਟੀਨੈਂਟ ਪਿ੍ਤਪਾਲ ਸਿੰਘ, ਸਹਾਇਕ ਪ੍ਰੋ. ਅਮਰਜੀਤ ਸਿੰਘ, ਡਾ. ਅਣਖ ਸਿੰਘ, ਅਰਸ਼ਦੀਪ ਪਾਲ ਸਿੰਘ ਵਲੋਂ ਅਹਿਮ ਭੂਮਿਕਾ ਨਿਭਾਈ | ਇਸ ਮੌਕੇ ਡਾ. ਸੈਲੇਸ਼ ਸ਼ਰਮਾ, ਡਾ. ਮਮਤਾ ਅਰੋੜਾ ਤੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਨੇ ਸ਼ਿਰਕਤ ਕੀਤੀ |