ਨੂਰਪੁਰ ਬੇਦੀ, 18 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਆਈ.ਟੀ.ਬੀ.ਪੀ ਦੇ ਜਵਾਨ ਸੂਬੇਦਾਰ ਮਹਿੰਦਰ ਸਿੰਘ ਚੈਹੜਮਜਾਰਾ ਦੀ ਪਹਿਲੀ ਬਰਸੀ ਅੱਜ ਉਨ੍ਹਾਂ ਦੇ ਗ੍ਰਹਿ ਪਿੰਡ ਚੈਹੜਮਜਾਰਾ ਵਿਖੇ ਮਨਾਈ ਜਾ ਰਹੀ ਹੈ | ਇਹਨਾਂ ਨੇ ਇੰਡੋ ਤਿੱਬਤੀਅਨ ਬਾਰਡਰ ਫੋਰਸ ਵਿਚ ਸੇਵਾ ਨਿਭਾਉਂਦਿਆਂ ਆਪਣੀ ਜਾਨ ਦੇਸ਼ ਦੇ ਲੇਖੇ ਲਾਈ | ਸੂਬੇਦਾਰ ਮਹਿੰਦਰ ਸਿੰਘ ਚੈਹੜਮਜਾਰਾ ਦਾ ਜਨਮ 4 ਅਪ੍ਰੈਲ 1970 ਨੂੰ ਨੂਰਪੁਰ ਬੇਦੀ ਬਲਾਕ ਦੇ ਪਿੰਡ ਚੈਹੜਮਜਾਰਾ ਵਿਖੇ ਪਿਤਾ ਹੁਕਮ ਚੰਦ ਸਾਬਕਾ ਸਰਪੰਚ ਦੇ ਘਰ ਮਾਤਾ ਪ੍ਰੀਤੋ ਦੀ ਕੁਖੋਂ ਹੋਇਆ | ਇਹਨਾਂ ਨੇ ਦਸਵੀਂ ਦੀ ਪ੍ਰੀਖਿਆ ਸਰਕਾਰੀ ਹਾਈ ਸਕੂਲ ਬੜਵਾ ਤੋਂ 1987 ਵਿਚ ਪਾਸ ਕੀਤੀ | ਜਿਸ ਉਪਰੰਤ ਇਹਨਾਂ ਨੇ ਇੰਡੋ ਤਿੱਬਤੀਅਨ ਬਾਰਡਰ ਫੋਰਸ (ਆਈ.ਟੀ.ਬੀ.ਪੀ) ਦੀ 57 ਬਟਾਲੀਅਨ ਵਿਚ 1989 ਵਿਚ ਭਰਤੀ ਹੋ ਗਿਆ | ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਦੇ ਸੁਪਨੇ ਨੇ ਇਹਨਾਂ ਨੂੰ ਫ਼ੌਜ ਵਿਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ | ਮਹਿੰਦਰ ਸਿੰਘ ਨੇ ਆਪਣੇ ਮਿਹਨਤ ਤੇ ਲਗਨ ਨਾਲ 35 ਸਾਲ ਦੀ ਸ਼ਾਨਦਾਰ ਸੇਵਾ ਕੀਤੀ ਤੇ ਸੂਬੇਦਾਰ ਦੇ ਅਹੁਦੇ ਤੱਕ ਪਦ-ਉੱਨਤੀ ਹਾਸਲ ਕੀਤੀ | ਇਹਨਾਂ ਨੇ ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਸ੍ਰੀਨਗਰ ਅਤੇ ਗੁਜਰਾਤ ਆਦਿ ਥਾਵਾਂ ਤੇ ਨੌਕਰੀ ਕਰਦਿਆਂ ਆਪਣੀ ਬਟਾਲੀਅਨ ਦਾ ਨਾਮ ਉੱਚਾ ਕੀਤਾ | ਇਸੀ ਦੌਰਾਨ ਅਰੁਣਾਚਲ ਪ੍ਰਦੇਸ਼ ਵਿਚ ਡਿਊਟੀ ਦੌਰਾਨ ਇੱਕ ਹਾਦਸੇ ਵਿਚ ਇਹ ਫੱਟੜ ਹੋ ਗਏ ਅਤੇ ਦੇਸ਼ ਲਈ ਆਪਣੀ ਜਾਨ ਵਾਰ ਗਏ | ਇਹਨਾਂ ਦੀ ਪਹਿਲੀ ਬਰਸੀ ਮੌਕੇ ਅੱਜ 19 ਅਕਤੂਬਰ ਨੂੰ ਇਹਨਾਂ ਨੂੰ ਯਾਦ ਕੀਤਾ ਜਾਵੇਗਾ |