ਰੂਪਨਗਰ, 3 ਨਵੰਬਰ (ਸਤਨਾਮ ਸਿੰਘ ਸੱਤੀ)-ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚਾ ਪੰਜਾਬ ਵਲੋਂ ਪੀ. ਐਸ. ਪੀ. ਸੀ. ਐਲ. ਸਰਕਲ ਹੈੱਡਕੁਆਟਰ ਰੂਪਨਗਰ ਦੇ ਸਾਹਮਣੇ ਰੋਸ ਰੈਲੀ ਕੀਤੀ ਗਈ | ਇਹ ਰੈਲੀ ਬਿਜਲੀ ਸੋਧ ਬਿੱਲ 2025 ਤੇ ਪਾਵਰਕਾਮ ਤੇ ਟਰਾਂਸਕੋ ਦੀਆਂ ਜ਼ਮੀਨਾਂ ਵੇਚਣ ਦੇ ਵਿਰੋਧ ਵਿਚ ਕੀਤੀ ਗਈ | ਰੈਲੀ 'ਚ ਸਰਕਲ ਦੇ ਵੱਖ-ਵੱਖ ਦਫ਼ਤਰਾਂ ਦੇ ਕਰਮਚਾਰੀਆਂ ਨੇ ਭਾਰੀ ਗਿਣਤੀ ਵਿਚ ਹਿੱਸਾ ਲਿਆ | ਇਸ ਮੌਕੇ ਟੀ. ਐਸ. ਯੂ. ਦੇ ਜ਼ੋਨਲ ਪ੍ਰਧਾਨ ਮਨੂ ਬੈਂਸ ਤੇ ਜੇ. ਈ. ਕੌਂਸਲ ਸਾਊਥ ਜ਼ੋਨ ਦੇ ਪ੍ਰਧਾਨ ਇੰਜੀ. ਕੁਲਵਿੰਦਰ ਸਿੰਘ ਝੱਜ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਬਿਜਲੀ ਸੋਧ ਬਿੱਲ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ | ਬੁਲਾਰਿਆਂ ਨੇ ਕਿਹਾ ਕਿ ਇਸ ਬਿੱਲ ਦੇ ਲਾਗੂ ਹੋਣ ਨਾਲ ਖਪਤਕਾਰਾਂ ਨੂੰ ਮਹਿੰਗੀ ਬਿਜਲੀ ਮਿਲੇਗੀ ਤੇ ਪਾਵਰਕੌਮ ਦੇ ਨਿੱਜੀਕਰਨ ਦੀ ਸੰਭਾਵਨਾ ਵਧੇਗੀ | ਉਨ੍ਹਾਂ ਨੇ ਪੰਜਾਬ ਸਰਕਾਰ ਵਲੋਂ ਪਾਵਰਕਾਮ ਤੇ ਟਰਾਂਸਕੋ ਦੀਆਂ ਜ਼ਮੀਨਾਂ ਵੇਚਣ ਦੇ ਫ਼ੈਸਲੇ ਦਾ ਵਿਰੋਧ ਕਰਦੇ ਹੋਏ ਚਿਤਾਵਨੀ ਦਿੱਤੀ ਕਿ ਜੇ ਇਹ 'ਪੰਜਾਬ ਮਾਰੂ ਤੇ ਮੁਲਾਜ਼ਮ ਮਾਰੂ ਨੀਤੀਆਂ' ਵਾਪਸ ਨਾ ਲਈਆਂ ਗਈਆਂ ਤਾਂ ਸੂਬੇ ਭਰ 'ਚ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ | ਮੋਰਚੇ ਨੇ ਦਫ਼ਤਰਾਂ 'ਚ ਸਟਾਫ਼ ਦੀ ਭਾਰੀ ਘਾਟ ਨੂੰ ਤੁਰੰਤ ਦੂਰ ਕਰਨ ਅਤੇ ਮਨਜ਼ੂਰ ਅਸਾਮੀਆਂ 'ਤੇ ਭਰਤੀ ਕਰਨ ਦੀ ਮੰਗ ਵੀ ਉਠਾਈ | ਇਸ ਮੌਕੇ ਬਲਦੇਵ ਸਿੰਘ, ਸੁਰਿੰਦਰ ਸਿੰਘ, ਗੁਰਵਿੰਦਰ ਸਿੰਘ ਸਮਰਾਲਾ, ਸੁਖਵਿੰਦਰ ਸਿੰਘ, ਹਰਮੇਲ ਸਿੰਘ, ਰਾਜਪਾਲ ਸਿੰਘ, ਹਰਜੀਤ ਸਿੰਘ, ਅਜਮੇਰ ਸਿੰਘ, ਪਵਨ ਕੁਮਾਰ ਤੇ ਗਗਨਦੀਪ ਸਿੰਘ ਆਦਿ ਹਾਜ਼ਰ ਸਨ |