ਢੇਰ, 3 ਨਵੰਬਰ (ਸ਼ਿਵ ਕੁਮਾਰ ਕਾਲੀਆ)-ਕਸਬਾ ਭਨੁਪਲੀ ਤੋਂ ਬੀਤੇ ਕੱਲ੍ਹ ਵੱਡੀ ਮਾਤਰਾ 'ਚ ਅਫੀਮ ਤੇ ਚਰਸ ਦਾ ਬਰਾਮਦ ਕੀਤੇ ਜਾਣਾ ਕਈ ਸਵਾਲ ਖੜੇ੍ਹ ਕਰ ਗਿਆ ਹੈ, ਇਹ ਗੱਲ ਹਰ ਕਿਸੇ ਇਨਸਾਨ ਦੇ ਮੂੰਹ 'ਤੇ ਹੈ ਕੇ ਕਿਆ ਇਸ ਹਲਕੇ ਵਿਚ ਵੀ ਇੰਨੇ ਵੱਡੇ ਸਮਗਲਰ ਮੌਜੂਦ ਸਨ, ਜਿਨ੍ਹਾਂ ਦਾ ਇਲਾਕੇ ਦੀ ਪੁਲਿਸ ਨੂੰ ਕੋਈ ਭੇਦ ਨਹੀਂ ਸੀ, ਜਾਂ ਫਿਰ ਇਹ ਸਮਗਲਰ ਇਨ੍ਹਾਂ ਪੁਲਿਸ ਵਾਲਿਆਂ ਦੀ ਮਿਲੀ ਭੁਗਤ ਅਤੇ ਸਿਆਸੀ ਸਹਿ 'ਤੇ ਇਸ ਕਾਰਜ ਨੂੰ ਅੰਜਾਮ ਦੇ ਰਹੇ ਸਨ ਭਾਵੇਂ ਕੁੱਝ ਵੀ ਹੋਵੇ, ਇਸ 'ਚ ਦੋਵੇਂ ਗੱਲਾਂ ਮੁੱਖ ਰੋਲ ਅਦਾ ਕਰਦੀਆਂ ਹਨ, ਇਕ ਤਾਂ ਇਹ ਕਿ ਇਹ ਕਸਬਾ ਦੋਵੇਂ ਥਾਣੇ ਨੰਗਲ ਤੇ ਅਨੰਦਪੁਰ ਸਾਹਿਬ ਦੇ ਹੰਜੂਮ 'ਚ ਪੈਂਦਾ ਹੈ | ਜਿਥੇ ਕਿ ਹਮੇਸ਼ਾ ਹੀ ਦੋਵੇਂ ਥਾਣਿਆਂ ਦੀ ਪੁਲਿਸ ਵਲੋਂ ਲਗਾਤਾਰ ਗਸ਼ਤ ਕੀਤੀ ਜਾਂਦੀ ਸੀ ਦੂਜਾ ਕਸਬਾ ਭਨੂਪਲੀ ਸਿਆਸੀ ਆਗੂਆਂ ਦਾ ਗੜ੍ਹ ਵੀ ਮੰਨਿਆ ਜਾਂਦਾ ਹੈ, ਜਿੱਥੇ ਕਿ ਵੱਖ-ਵੱਖ ਪਾਰਟੀਆਂ ਦੇ ਵੱਡੇ ਆਗੂ ਵੀ ਮੌਜੂਦ ਹਨ ਭਾਵੇਂ ਉਨ੍ਹਾਂ ਵਲੋਂ ਵੀ ਇਸ ਮੁੱਦੇ 'ਤੇ ਚੁੱਪ ਧਾਰੀ ਹੋਈ ਹੈ, ਇਹ ਗੱਲ ਵੀ ਆਮ ਲੋਕਾਂ ਨੂੰ ਹਜਮ ਨਹੀਂ ਹੋ ਰਹੀ | ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਉਕਤ ਸਮਗਲਰ ਕਾਫੀ ਸਮੇਂ ਤੋਂ ਇਸ ਧੰਦੇ ਨਾਲ ਜੁੜੇ ਹੋਏ ਸਨ, ਜੋ ਕਿ ਲਗਾਤਾਰ ਬੇਖੌਫ ਆਪਣੇ ਇਸ ਧੰਦੇ ਨੂੰ ਅੰਜਾਮ ਦੇ ਰਹੇ ਸਨ | ਇਹ ਵੀ ਪਤਾ ਲੱਗਿਆ ਹੈ ਕਿ ਇਹ ਨਸ਼ੇ ਦਾ ਵਪਾਰ ਪੰਜਾਬ ਪਾਕਿਸਤਾਨ ਦੀ ਸੀਮਾ ਤੋਂ ਆਰੰਭ ਹੋ ਕੇ ਪੰਜਾਬ ਦੇ ਵੱਖ-ਵੱਖ ਕਸਬਿਆਂ ਅਤੇ ਨਾਲ ਲੱਗਦੇ ਰਾਜਾਂ ਤੇ ਵੱਡੇ ਪੱਧਰ 'ਤੇ ਨਸ਼ੇ ਦੀ ਸਪਲਾਈ ਕਰਦੇ ਸਨ | ਇਲਾਕੇ ਵਿਚ ਨਸ਼ਾ ਵਿਕਣ ਦੀਆਂ ਚਰਚਾਵਾਂ ਲੰਬੇ ਸਮੇਂ ਤੋਂ ਮੀਡੀਆ ਦੀਆਂ ਸੁਰਖੀਆਂ ਬਣੀਆਂ ਹੋਈਆਂ ਸਨ, ਇਸ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਦੀ ਚੁੱਪ ਵੀ ਕਈ ਸਵਾਲ ਖੜੇ੍ਹ ਕਰਦੀ ਹੈ | ਜਿਨ੍ਹਾਂ ਨੇ ਉਨ੍ਹਾਂ ਖ਼ਬਰਾਂ ਨੂੰ ਵੀ ਨਜ਼ਰ ਅੰਦਾਜ਼ ਕਰਕੇ ਇਨ੍ਹਾਂ ਸਮਗਲਰਾਂ ਦੇ ਹੌਸਲੇ ਹੋਰ ਵੀ ਵਧਾਏ ਹਨ | ਇਲਾਕੇ ਵਿਚ ਵੱਡੇ ਪੱਧਰ ਦੇ ਨਾਲ ਚਿੱਟਾ ਤੇ ਹੋਰ ਨਸ਼ਾ ਵਿਕਣ ਦੇ ਨਾਲ ਦਰਜਣਾ ਹੀ ਨੌਜਵਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ, ਜਿਨ੍ਹਾਂ ਮੌਤਾਂ ਦੀ ਚਰਚਾ ਤਾਂ ਬਹੁਤ ਹੋਈ ਪਰ ਅਫਸੋਸ ਕੋਈ ਕਾਰਵਾਈ ਨਹੀਂ ਹੋਈ, ਜਿਸ ਦਾ ਲਾਭ ਵੀ ਇਨ੍ਹਾਂ ਸਮਗਲਰਾਂ ਵਲੋਂ ਚੁੱਕਿਆ ਗਿਆ | ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਇਹ ਸਮਗਲਰ ਪਿਛਲੇ ਕਾਫੀ ਸਮੇਂ ਤੋਂ ਸਰਗਰਮ ਸਨ ਤਾਂ ਇਹ ਪੁਲਿਸ ਦੀ ਨਜ਼ਰ ਤੋਂ ਕਿਵੇਂ ਬਚਦੇ ਰਹੇ ਜਾਂ ਫਿਰ ਉਹ ਕੌਣ ਸਿਆਸੀ ਲੋਕ ਨੇ ਜੋ ਇਨ੍ਹਾਂ ਦੀ ਮਦਦ ਕਰਕੇ ਇਨ੍ਹਾਂ ਨੂੰ ਬੇਖੌਫ ਇਹ ਧੰਦਾ ਕਰਨ ਲਈ ਪ੍ਰੇਰਿਤ ਕਰਦੇ ਸਨ | ਇਸ ਸੰਬੰਧੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਖਿਆ ਕਿ ਉਹ ਆਪਣੇ ਹਲਕੇ ਵਿਚ ਨਸ਼ਾ ਜਾਂ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਹੋਏ ਕਿਸੇ ਵੀ ਵਿਅਕਤੀ ਨੂੰ ਬਰਦਾਸ਼ਤ ਨਹੀਂ ਕਰਨਗੇ | ਉਨ੍ਹਾਂ ਨੇ ਪੁਲਿਸ ਦੀ ਕਾਰਵਾਈ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੰਜਾਬ ਪੁਲਿਸ ਦੀ ਇਹ ਕਾਰਵਾਈ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਏ ਗਏ ਸੰਕਲਪ ਦਾ ਇੱਕ ਹਿੱਸਾ ਹੈ ਅਤੇ ਇਸ ਧੰਦੇ ਨਾਲ ਜੁੜੇ ਹੋਏ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ |