ਨੂਰਪੁਰ ਬੇਦੀ, 3 ਨਵੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਬਲਾਕ ਨੂਰਪੁਰ ਬੇਦੀ ਦੇ ਵੱਖ-ਵੱਖ ਪਿੰਡਾਂ ਨਾਲ ਸੰਬੰਧਿਤ ਹੜ੍ਹ ਪੀੜਤ ਪਰਿਵਾਰਾਂ ਨੂੰ ਲਗਪਗ 71 ਲੱਖ ਰੁਪਏ ਦੀ ਰਾਸ਼ੀ ਦੇ ਮੁਆਵਜ਼ਾ ਚੈੱਕ ਪ੍ਰਦਾਨ ਕੀਤੇ | ਇਹ ਚੈੱਕ ਪੰਜਾਬ ਸਰਕਾਰ ਵਲੋਂ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਕੀਤੇ ਗਏ ਐਲਾਨ ਤਹਿਤ ਜਾਰੀ ਕੀਤੇ ਗਏ | ਇਸ ਮੌਕੇ ਵਿਧਾਇਕ ਚੱਢਾ ਨੇ ਦੱਸਿਆ ਕਿ ਹਲਕੇ ਦੇ ਪਿੰਡ ਚੌਂਤਾਂ ਨੂੰ 1,75,375, ਖੇੜੀ ਨੂੰ 7,46,187, ਸਰਾਏਾ ਨੂੰ 5,02,000, ਚਨੋਲੀ ਨੂੰ 6,03,516, ਬਸੀ ਨੂੰ 4,94,500, ਅਮਰਪੁਰ ਬੇਲਾ ਨੂੰ 3,15,625, ਨੰਗਲ ਨੂੰ 14,12,859, ਸ਼ਾਹਪੁਰ ਨੂੰ 11,51,062 ਤੇ ਬਟਾਰਲਾ ਨੂੰ 16,84,431 ਰੁਪਏ ਦੇ ਚੈੱਕ ਪ੍ਰਦਾਨ ਕੀਤੇ ਗਏ | ਵਿਧਾਇਕ ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਲੋਕਾਂ ਦੇ ਦੁੱਖ-ਦਰਦ ਨਾਲ ਜੁੜੀ ਹੋਈ ਸਰਕਾਰ ਹੈ, ਜੋ ਸਿਰਫ਼ ਐਲਾਨਾਂ ਤੱਕ ਹੀ ਸਿਮਤ ਨਹੀਂ ਰਹਿੰਦੀ, ਸਗੋਂ ਸਾਰੇ ਵਾਅਦੇ ਜ਼ਮੀਨੀ ਪੱਧਰ 'ਤੇ ਪੂਰੇ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਬੀਤੀਆਂ ਸਰਕਾਰਾਂ ਹੜ੍ਹ ਪੀੜਤਾਂ ਲਈ ਕੇਵਲ ਕਾਗ਼ਜ਼ੀ ਐਲਾਨ ਕਰਦੀਆਂ ਸਨ, ਪਰ ਮਾਨ ਸਰਕਾਰ ਨੇ ਹਰ ਪ੍ਰਭਾਵਿਤ ਪਰਿਵਾਰ ਨੂੰ ਹਕੀਕਤੀ ਮਦਦ ਪਹੁੰਚਾ ਕੇ ਇਹ ਸਾਬਤ ਕੀਤਾ ਹੈ ਕਿ ਪੰਜਾਬ ਸਰਕਾਰ ਲੋਕਾਂ ਦੇ ਨਾਲ ਖੜ੍ਹੀ ਹੈ | ਹੜ੍ਹ ਪੀੜਤ ਪਰਿਵਾਰਾਂ ਵਲੋਂ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਚੱਢਾ ਦਾ ਧੰਨਵਾਦ ਕੀਤਾ | ਸਮਾਗਮ ਦੌਰਾਨ ਨਾਇਬ ਤਹਿਸੀਲਦਾਰ ਮੈਡਮ ਸੁਨੀਤਾ ਖਲਿਆਣ, ਚੌਧਰੀ ਹੁਸਨ ਲਾਲ, ਸਰਪੰਚ ਅਵਤਾਰ ਸਿੰਘ ਕੁੰਨਰ, ਦੇਸਸਰਾਜ ਸੈਣੀ ਮਾਜਰਾ, ਸਤਨਾਮ ਸਿੰਘ ਨਾਗਰਾ, ਪਰਮਿੰਦਰ ਸਿੰਘ ਬਾਲਾ, ਸਰਪੰਚ ਰਵਿੰਦਰ ਸਿੰਘ ਸਿੰਘਪੁਰ, ਜਗਦੀਪ (ਦੀਪੀ) ਕੋਲਾਪੁਰ, ਨੰਬਰਦਾਰ ਗੁਰਚੇਤ ਸਿੰਘ ਸ਼ਾਹਪੁਰ ਤੇ ਵੱਖ-ਵੱਖ ਪਿੰਡਾਂ ਤੋਂ ਆਏ ਹੜ੍ਹ ਪੀੜਤ ਪਰਿਵਾਰ ਹਾਜ਼ਰ ਸਨ |