ਨੂਰਪੁਰ ਬੇਦੀ, 20 ਦਸੰਬਰ (ਹਰਦੀਪ ਸਿੰਘ ਢੀਂਡਸਾ)-ਬੀਤੀਆਂ ਸਰਕਾਰਾਂ ਦੇ ਸਮੇਂ ਦੌਰਾਨ ਚੁਣੇ ਜਾਂਦੇ ਬਲਾਕ ਸੰਮਤੀ ਮੈਂਬਰਾਂ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦੀਆਂ ਮੀਟਿੰਗਾਂ ਜਿਥੇ ਅਕਸਰ ਬੇਨਤੀਜਾ ਸਾਬਤ ਹੁੰਦੀਆਂ ਸਨ, ਉੱਥੇ ਹੀ ਇਨ੍ਹਾਂ ਮੀਟਿੰਗਾਂ ਨੂੰ ਸਿਰਫ਼ ਚਾਹ-ਸਮੋਸਿਆਂ ਤੱਕ ਸੀਮਿਤ ਕਰ ਦਿੱਤਾ ਗਿਆ ਸੀ | ਮੀਟਿੰਗਾਂ ਵਿਚ ਲੋਕਾਂ ਦੇ ਮਸਲਿਆਂ 'ਤੇ ਗੰਭੀਰ ਚਰਚਾ ਕਰਨ ਦੀ ਬਜਾਏ, ਰਸਮੀ ਕਾਰਵਾਈ ਕਰਕੇ ਚਾਹ ਸਮੌਸੇ ਖਾ ਕੇ ਘਰ ਵਾਪਸ ਜਾਣ ਦੀ ਰਿਵਾਇਤ ਬਣ ਗਈ ਸੀ | ਪਰ ਹੁਣ ਇਹ ਢੰਗ ਬਦਲਣ ਜਾ ਰਿਹਾ ਹੈ ਤੇ ਹੁਣ ਇਹਨਾਂ ਸੰਮਤੀ ਮੈਂਬਰਾ ਦੀ ਮੀਟਿੰਗ 'ਤੇ ਚਾਹ ਸਮੌਸੇ ਵਾਲਾ ਠੱਪਾ ਨਹੀਂ ਰਹੇਗਾ | ਇਹ ਪ੍ਰਗਟਾਵਾ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਨੂਰਪੁਰ ਬੇਦੀ ਵਿਖੇ ਨਵ-ਨਿਯੁਕਤ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨਾਲ ਹੋਈ ਇਕ ਵਿਸ਼ੇਸ਼ ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਤੰਤਰਕ ਸੰਸਥਾਵਾਂ ਨੂੰ ਮਜ਼ਬੂਤ ਕਰਨ ਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਅਸਲ ਅਧਿਕਾਰ ਦੇਣ ਲਈ ਵਚਨਬੱਧ ਹੈ | ਮੀਟਿੰਗ ਦੌਰਾਨ ਹਾਜ਼ਰ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੇ ਆਪਣੇ-ਆਪਣੇ ਜ਼ੋਨਾਂ ਅਧੀਨ ਪੈਂਦੇ ਪਿੰਡਾਂ ਦੀਆਂ ਸੜਕਾਂ, ਪਾਣੀ, ਬਿਜਲੀ, ਸਿਹਤ ਤੇ ਹੋਰ ਬੁਨਿਆਦੀ ਸੁਵਿਧਾਵਾਂ ਨਾਲ ਜੁੜੀਆਂ ਸਮੱਸਿਆਵਾਂ ਵਿਧਾਇਕ ਦੇ ਧਿਆਨ 'ਚ ਲਿਆਂਦੀਆਂ | ਵਿਧਾਇਕ ਚੱਢਾ ਨੇ ਭਰੋਸਾ ਦਿਵਾਇਆ ਕਿ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਤਰਜੀਹੀ ਅਧਾਰ 'ਤੇ ਹੱਲ ਕਰਵਾਇਆ ਜਾਵੇਗਾ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਰਨੈਲ ਸਿੰਘ ਲਾਲੀ ਤੇ ਦੇਸ ਰਾਜ ਸੈਣੀ ਮਾਜਰਾ ਤੋਂ ਇਲਾਵਾ ਸੰਮਤੀ ਮੈਂਬਰਾਂ 'ਚ ਤਿਲਕ ਰਾਜ ਪੰਮਾ, ਹਰਵਿੰਦਰ ਬਿੰਦੀ, ਮਨਜੀਤ ਕੌਰ, ਸਤਨਾਮ ਸਿੰਘ, ਰਾਮ ਪ੍ਰਤਾਪ ਤਾਰੀ, ਹੇਮੰਤ ਸੈਣੀ, ਰਣਜੀਤ ਕੌਰ, ਮਹਿੰਦਰ ਸਿੰਘ ਝੱਜ, ਮਨਜੀਤ ਸਿੰਘ ਕਾਹਨਪੁਰ ਖੂਹੀ ਆਦਿ ਹਾਜ਼ਰ ਸਨ |