ਬੇਲਾ, 23 ਦਸੰਬਰ (ਮਨਜੀਤ ਸਿੰਘ ਸੈਣੀ)-ਗ੍ਰਾਮ ਪੰਚਾਇਤ ਭਲਿਆਣ ਵਲੋਂ ਸਾਲ 2026 ਦਾ ਕੈਲੰਡਰ ਜਾਰੀ ਕੀਤਾ ਗਿਆ, ਜਿਸ ਵਿਚ ਪਿੰਡ ਵਿਚ ਪਿਛਲੇ ਸਾਲ ਦੌਰਾਨ ਕਰਵਾਏ ਗਏ ਵੱਖ-ਵੱਖ ਵਿਕਾਸ ਕਾਰਜਾਂ ਨੂੰ ਵਿਸਥਾਰ ਨਾਲ ਦਰਸਾਇਆ ਗਿਆ ਹੈ | ਇਹ ਕੈਲੰਡਰ ਮੈਂਬਰ ਪਾਰਲੀਮੈਂਟ ਸਰਦਾਰ ਮਲਵਿੰਦਰ ਸਿੰਘ ਕੰਗ ਵਲੋਂ ਰਿਲੀਜ਼ ਕੀਤਾ ਗਿਆ | ਕੈਲੰਡਰ ਵਿਚ ਸਰਪੰਚ ਸਤਵੀਰ ਸਿੰਘ ਸੱਤੀ ਭਲਿਆਣ ਦੀ ਅਗਵਾਈ ਹੇਠ ਬਣੀ ਨਵੀਂ ਆਂਗਣਵਾੜੀ, ਠੋਸ ਕੂੜਾ ਪ੍ਰਬੰਧਨ ਯੂਨਿਟ, ਮਹਾਰਾਣੀ ਜਿੰਦ ਕੌਰ ਪਾਰਕ ਸਮੇਤ ਹੋਰ ਵਿਕਾਸ ਕਾਰਜਾਂ ਨੂੰ ਦਰਸਾਇਆ ਗਿਆ ਹੈ, ਜੋ ਪਿੰਡ ਦੇ ਸਮੂਹਿਕ ਵਿਕਾਸ ਵੱਲ ਇੱਕ ਵੱਡਾ ਕਦਮ ਹਨ | ਇਸ ਮੌਕੇ ਮੈਂਬਰ ਪਾਰਲੀਮੈਂਟ ਸਰਦਾਰ ਮਲਵਿੰਦਰ ਸਿੰਘ ਕੰਗ ਨੇ ਪਿੰਡ ਵਿਚ ਹੋ ਰਹੇ ਵਿਕਾਸ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਭਲਿਆਣ ਪਿੰਡ ਹੋਰ ਪੰਚਾਇਤਾਂ ਲਈ ਇੱਕ ਮਿਸਾਲ ਬਣ ਰਿਹਾ ਹੈ | ਉਨ੍ਹਾਂ ਨੇ ਉੱਥੇ ਮੌਜੂਦ ਹੋਰ ਪੰਚਾਇਤ ਮੈਂਬਰਾਂ ਨੂੰ ਵੀ ਇਸ ਤਰ੍ਹਾਂ ਦੇ ਕੈਲੰਡਰ ਜਾਰੀ ਕਰਕੇ ਆਪਣੇ-ਆਪਣੇ ਪਿੰਡਾਂ ਦੇ ਵਿਕਾਸ ਕਾਰਜ ਲੋਕਾਂ ਸਾਹਮਣੇ ਲਿਆਂਦੇ ਜਾਣ ਦੀ ਅਪੀਲ ਕੀਤੀ | ਇਸ ਮੌਕੇ ਤੇ ਨਰਿੰਦਰ ਸਿੰਘ ਪੰਚ, ਸਤਨਾਮ ਸਿੰਘ ਪੰਚ, ਅਮਨਦੀਪ ਸਿੰਘ, ਦਲਜੀਤ ਸਿੰਘ ਬਿੱਟੂ, ਐਡਵੋਕੇਟ ਕੁਲਵਿੰਦਰ ਸਿੰਘ ਸੈਣੀ, ਐਡਵੋਕੇਟ ਜਰਨੈਲ ਸਿੰਘ, ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ ਸਮੇਤ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਪੰਚਾਇਤ ਮੈਂਬਰ ਹਾਜ਼ਰ ਸਨ |