ਰੂਪਨਗਰ, 25 ਦਸੰਬਰ (ਸਤਨਾਮ ਸਿੰਘ ਸੱਤੀ)-ਪਿੰਡ ਪੰਜੋਲਾ ਦੇ ਰਹਿਣ ਵਾਲੇ ਰਣਵੀਰ ਸਿੰਘ ਤੇ ਪੰਚਾਇਤ ਮੈਂਬਰ ਮਨਪ੍ਰੀਤ ਕੌਰ ਤੇ ਰੁਖਸਾਨਾ ਸਮੇਤ ਹੋਰਾਂ ਨੇ ਅੱਜ ਰੂਪਨਗਰ ਪ੍ਰੈੱਸ ਕਲੱਬ ਵਿਖੇ ਕਾਨਫ਼ਰੰਸ ਕਰਕੇ ਸਰਪੰਚ ਸੁਖਵਿੰਦਰ ਸਿੰਘ ਦੀ ਮੁਅੱਤਲੀ ਦੇ ਮਾਮਲੇ 'ਚ ਜਾਂਚ ਨੂੰ ਹੋਰ ਵਿਸ਼ਾਲ ਕਰਕੇ ਸਰਪੰਚ ਤੇ ਹੋਰ ਜ਼ਿੰਮੇਵਾਰ ਵਿਅਕਤੀਆਂ 'ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਸਿਰਫ਼ ਸਰਪੰਚ ਨੂੰ ਮੁਅੱਤਲ ਕੀਤਾ ਗਿਆ ਹੈ, ਜਦਕਿ ਉਸ ਪੰਚ ਨੂੰ ਜਾਂਚ 'ਚ ਸ਼ਾਮਿਲ ਨਹੀਂ ਕੀਤਾ ਗਿਆ ਜਿਸ ਦੇ ਨਾਂਅ 'ਤੇ ਚੈੱਕਾਂ 'ਤੇ ਦਸਤਖਤ ਕਰਵਾਏ ਗਏ | ਪੰਚਾਂ ਨੇ ਮੰਗ ਕੀਤੀ ਕਿ ਸਾਰੇ ਜ਼ਿੰਮੇਵਾਰ ਵਿਅਕਤੀਆਂ ਨੂੰ ਜਾਂਚ ਦੇ ਦਾਇਰੇ 'ਚ ਲਿਆਂਦਾ ਜਾਵੇ, ਸਰਪੰਚ ਵਿਰੁੱਧ ਪਰਚਾ ਦਰਜ ਕੀਤਾ ਜਾਵੇ ਤੇ ਮਾਮਲੇ ਦੀ ਅਗਲੇਰੀ ਜਾਂਚ ਰੂਪਨਗਰ ਤੋਂ ਬਾਹਰ ਮੁਹਾਲੀ ਜਾਂ ਕਿਸੇ ਹੋਰ ਜ਼ਿਲ੍ਹੇ ਦੇ ਅਧਿਕਾਰੀ ਤੋਂ ਕਰਵਾਈ ਜਾਵੇ | ਉਨ੍ਹਾਂ ਦੱਸਿਆ ਕਿ ਗ੍ਰਾਮ ਪੰਚਾਇਤ ਦੇ ਕਾਰਵਾਈ ਰਜਿਸਟਰ 'ਚ ਇਕ ਮਤੇ ਦੌਰਾਨ ਪੰਚ ਰੁਖਸਾਨਾ ਦਾ ਨਾਂਅ ਕੱਟ ਕੇ ਬਰਿੰਦਰ ਸਿੰਘ ਪੰਚ ਦਰਜ ਕੀਤਾ ਗਿਆ, ਜਦਕਿ ਉਸੇ ਮਤੇ 'ਚ ਅੱਗੇ ਰੁਖਸਾਨਾ ਦਾ ਨਾਂਅ ਰਹਿ ਗਿਆ, ਜਿਸ ਤੋਂ ਚੋਰੀ ਫੜੀ ਗਈ | ਇਸ ਤੋਂ ਇਲਾਵਾ 14,800 ਰੁਪਏ ਦੀ ਅਦਾਇਗੀ ਨੂੰ ਕੱਟ ਕੇ 74,800 ਦਰਸਾਉਣ ਦੀ ਗੜਬੜ ਵੀ ਸਾਹਮਣੇ ਆਈ, ਜੋ ਗੰਭੀਰ ਦੋਸ਼ ਹਨ | ਜੇ ਇਹ ਜਾਂਚ ਹੋਰ ਵਿਸ਼ਾਲ ਹੁੰਦੀ ਹੈ ਤਾਂ 14800 ਤੋਂ 74800 ਕੀਤੀ ਗਈ ਰਕਮ ਦੇ ਬੈਂਕਾਂ 'ਚੋਂ ਜਾਣਕਾਰੀ ਅਤੇ ਖਰਚੀਆਂ ਗਈਆਂ ਰਕਮਾਂ ਦੀ ਪਾਰਦਰਸ਼ਤਾ ਵੀ ਸਾਹਮਣੇ ਆ ਜਾਵੇਗੀ, ਜਿਸ ਤੋਂ ਹੋਰ ਵੀ ਖੁਲਾਸੇ ਹੋ ਸਕਦੇ ਹਨ | ਜ਼ਿਕਰਯੋਗ ਹੈ ਕਿ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਰੂਪਨਗਰ ਵਲੋਂ 23 ਦਸੰਬਰ 2025 ਨੂੰ ਸੁਖਵਿੰਦਰ ਸਿੰਘ ਸਰਪੰਚ ਨੂੰ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20(4) ਅਧੀਨ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ | ਜਾਂਚ ਦੌਰਾਨ ਸਾਹਮਣੇ ਆਇਆ ਕਿ 13 ਜਨਵਰੀ 2025 ਨੂੰ ਬਿਨਾਂ ਨਵੀਂ ਮੀਟਿੰਗ ਬੁਲਾਏ ਮਤਾ ਤਬਦੀਲ ਕੀਤਾ ਗਿਆ | ਸਰਪੰਚ ਵਲੋਂ ਦੋਸ਼ ਪੰਚਾਇਤ ਸਕੱਤਰ ਬਿ੍ਜ ਭੂਸ਼ਣ 'ਤੇ ਲਾਏ ਗਏ ਪਰ ਅਧਿਕਾਰੀਆਂ ਮੁਤਾਬਕ ਕਾਰਵਾਈ ਰਜਿਸਟਰ ਸਰਪੰਚ ਦੇ ਅਧੀਨ ਹੋਣ ਕਾਰਨ ਜ਼ਿੰਮੇਵਾਰੀ ਉਸ ਦੀ ਮੰਨੀ ਗਈ | ਕਾਨਫਰੰਸ ਦੌਰਾਨ ਗੁਰਦੀਪ ਸਿੰਘ ਗੋਵਿੰਦਰ ਸਿੰਘ ਤੇ ਹੋਰ ਵੀ ਹਾਜ਼ਰ ਸਨ | ਇਸ ਸੰਬੰਧੀ ਸਰਪੰਚ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਮਤਾ ਪਾਉਣ ਤੋਂ ਬਾਅਦ ਪੰਚ ਰੁਖਸਾਨਾ ਦਾ ਪਤੀ ਦਸਤਖ਼ਤ ਕਰਨ ਤੋਂ ਆਨਾਕਾਨੀ ਕਰਦਾ ਸੀ ਅਤੇ ਕੁਝ ਸੇਵਾ ਦੀ ਚਾਹਤ ਰਖਦਾ ਸੀ, ਜਿਸ ਬਾਰੇ ਉਨ੍ਹਾਂ ਨੇ ਪੰਚਾਇਤ ਸਕੱਤਰ ਨੰੂ ਦੱਸਿਆ ਅਤੇ ਪੰਚਾਇਤ ਸਕੱਤਰ ਨੇ ਹੀ ਪੰਚ ਰੁਖਸਾਨਾ ਦਾ ਨਾਂਅ ਕੱਟ ਕੇ ਪੰਚ ਵਰਿੰਦਰ ਸਿੰਘ ਦਾ ਲਿਖ ਦਿੱਤਾ ਸੀ, ਜੋ ਵੀ ਮਤੇ 'ਚ ਤਬਦੀਲੀ ਕੀਤੀ ਗਈ ਉਸ ਦਾ ਜਿੰਮੇਵਾਰ ਪੰਚਾਇਤ ਸੈਕਟਰੀ ਸੀ, ਪਰ ਹੁਣ ਗਾਜ ਮੇਰੇ 'ਤੇ ਜਾਣਬੁਝ ਕੇ ਡਿੱਗ ਰਹੀ ਹੈ | ਉਨ੍ਹਾਂ ਕਿਹਾ ਕਿ ਫ਼ੰਡਾਂ ਨੂੰ ਲੈ ਕੇ ਕੋਈ ਹੇਰਾਫੇਰੀ ਨਹੀਂ ਕੀਤੀ ਗਈ, ਜਿਸ ਬਾਰੇ ਸੱਚ ਸਭ ਦੇ ਸਾਹਮਣੇ ਆ ਜਾਵੇਗਾ |