ਨੂਰਪੁਰ ਬੇਦੀ, 25 ਦਸੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਪੰਜਾਬ ਮੋਰਚਾ ਦੀ ਅਗਵਾਈ ਹੇਠ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਇਲਾਕੇ ਦੇ ਲੋਕਾਂ ਵਲੋਂ ਮਾਈਨਿੰਗ ਮਾਫ਼ੀਆ ਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਲੋਕਾਂ ਵਲੋਂ ਨਾਜਾਇਜ਼ ਮਾਈਨਿੰਗ ਨੂੰ ਬੰਦ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਗਈ | ਮਾਈਨਿੰਗ ਬੰਦ ਨਾ ਹੋਣ ਦੀ ਸੂਰਤ 'ਚ ਇੱਥੇ ਪੱਕਾ ਧਰਨਾ ਦੇਣ ਦਾ ਐਲਾਨ ਕੀਤਾ ਗਿਆ | ਇਸ ਤਹਿਤ ਪਿੰਡ ਅਮਰਪੁਰ ਬੇਲਾ, ਰੌਲੀ ਬੁਰਜ ਤੇ ਗੋਬਿੰਦਪੁਰ ਬੇਲਾ ਦੇ ਗੈਰ ਕਾਨੂੰਨੀ ਮਾਈਨਿੰਗ ਨਾਲ ਪੀੜਤ ਕਿਸਾਨਾਂ ਦਾ ਇਕੱਠ ਹੋਇਆ | ਸਮੂਹ ਸੰਘਰਸ਼ਕਾਰੀ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਦੀ ਅਗਵਾਈ 'ਚ ਲੋਕਾਂ ਨੇ ਦਰਿਆਵਾਂ 'ਚ ਵੱਡੇ ਪੱਧਰ 'ਤੇ ਹੋ ਰਹੀ ਗੈਰ ਕਾਨੂੰਨੀ ਪੁਟਾਈ, ਭਾਰੀ ਮਸ਼ੀਨਾਂ ਨਾਲ ਖੇਤਾਂ ਦੀ ਤਬਾਹੀ, ਖੇਤੀ ਲਈ ਕਿਸਾਨਾਂ ਵਲੋਂ ਪਾਏ ਗਏ ਪਾਈਪ ਤੋੜੇ ਜਾਣ ਤੇ ਜ਼ਮੀਨ ਦੀ ਭੂ-ਰਚਨਾ ਨਾਲ ਖੇਡ ਕੀਤੇ ਜਾਣ ਦੇ ਮਾਮਲਿਆਂ ਨੂੰ ਉਜਾਗਰ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਰਾਣਾ ਨੇ ਕਿਹਾ ਕਿ ਸਤਲੁਜ ਦਰਿਆ ਤੇ ਕਾਹਨਪੁਰ ਖੂਹੀ ਏਰੀਆ ਵਿਚ ਮਾਈਨਿੰਗ ਮਾਫ਼ੀਆ ਪਹਿਲਾਂ ਹੀ ਹਜ਼ਾਰਾਂ ਏਕੜ ਖੇਤਰ ਵਿਚ ਭਾਰੀ ਉਜਾੜਾ ਕਰ ਚੁੱਕਾ ਹੈ | ਦਰਿਆ ਦੇ ਕੁਦਰਤੀ ਰੁਖ ਨਾਲ ਛੇੜਛਾੜ ਕਾਰਨ ਜ਼ਮੀਨ ਦਾ ਕਟਾਅ ਤੇਜ਼ੀ ਨਾਲ ਵੱਧ ਰਿਹਾ ਹੈ, ਜਿਸ ਨਾਲ ਦਸ ਤੋਂ ਵੱਧ ਪਿੰਡਾਂ ਦੀ ਉਪਜਾਊ ਜ਼ਮੀਨ ਖ਼ਤਰੇ ਵਿਚ ਆ ਗਈ ਹੈ | ਉਨ੍ਹਾਂ ਦੱਸਿਆ ਕਿ ਇਲਾਕੇ ਵਿਚ ਕਿਤੇ ਵੀ ਮਾਈਨਿੰਗ ਲਈ ਕੋਈ ਸਾਈਟ ਮਨਜ਼ੂਰ ਨਹੀਂ ਹੈ, ਫਿਰ ਵੀ ਮਾਫ਼ੀਆ ਬੇਖ਼ੌਫ਼ ਹੋ ਕੇ ਦਿਨ-ਰਾਤ ਨਾਜਾਇਜ਼ ਮਾਈਨਿੰਗ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਮਾਈਨਿੰਗ ਕਾਰਨ ਪਹਿਲਾਂ ਲਗਰਾਂ ਦਾ ਪੁਲ ਡਿਗ ਗਿਆ, ਚੰਦਪੁਰ ਵਾਲਾ ਪੁਲ ਧਸ ਗਿਆ, ਅਤੇ ਹੁਣ ਹਾਲ ਹੀ 'ਚ ਅਮਰਪੁਰ ਬੇਲਾ ਪੁਲੀ ਦੇ ਦੋਹਾਂ ਪਾਸਿਆਂ ਵੱਡਾ ਪਾੜ ਪੈ ਗਿਆ | ਇਸ ਦੇ ਬਾਵਜੂਦ ਸਰਕਾਰ ਤੇ ਪ੍ਰਸ਼ਾਸਨ ਦੀ ਚੁੱਪੀ ਸਾਫ਼ ਦਰਸਾਉਂਦੀ ਹੈ ਕਿ ਮਾਈਨਿੰਗ ਮਾਫ਼ੀਆ ਨੂੰ ਸਿਆਸੀ ਸਰਪ੍ਰਸਤੀ ਮਿਲ ਰਹੀ ਹੈ | ਪੀੜਤ ਪਿੰਡ ਵਾਸੀਆਂ ਉਜਾਗਰ ਸਿੰਘ, ਚੰਨਣ ਸਿੰਘ, ਕਰਮ ਸਿੰਘ ਲੰਬੜਦਾਰ, ਸ਼ੇਰ ਸਿੰਘ ਬੁਰਜ ਅਤੇ ਸਤਨਾਮ ਸਿੰਘ ਨੇ ਸਾਂਝੇ ਤੌਰ 'ਤੇ ਕਿਹਾ ਕਿ ਇਹ ਸਿਰਫ਼ ਮਾਈਨਿੰਗ ਨਹੀਂ, ਸਗੋਂ ਸਾਡੇ ਵਜੂਦ, ਸਾਡੀ ਧਰਤੀ ਤੇ ਭਵਿੱਖ ਦੀ ਪੀੜ੍ਹੀ 'ਤੇ ਸਿੱਧਾ ਹਮਲਾ ਹੈ | ਪਿੰਡ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਗੈਰ ਕਾਨੂੰਨੀ ਮਾਈਨਿੰਗ 'ਤੇ ਤੁਰੰਤ ਰੋਕ ਨਾ ਲਾਈ ਗਈ ਅਤੇ ਮਾਫ਼ੀਆ ਤੋਂ ਨੁਕਸਾਨ ਦੀ ਰਿਕਵਰੀ ਨਾ ਕੀਤੀ ਗਈ ਤਾਂ ਮਜਬੂਰਨ ਪਿੰਡ ਵਾਸੀਆਂ ਨੂੰ ਖੱਡਾਂ ਵਿਚ ਉਤਰ ਕੇ ਮਾਈਨਿੰਗ ਮਾਫ਼ੀਆ ਨਾਲ ਸਿੱਧਾ ਘੋਲ ਲੜਨਾ ਪਵੇਗਾ | ਇਸ ਮੌਕੇ ਗੈਰ ਕਾਨੂੰਨੀ ਮਾਈਨਿੰਗ ਰੋਕਣ ਲਈ ਸ਼ਾਮ ਸਮੇਂ ਪੰਜ ਮੈਂਬਰੀ ਟੀਮ ਤੈਨਾਤ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ, ਜੋ ਮਾਈਨਿੰਗ ਸ਼ੁਰੂ ਹੋਣ ਦੀ ਸੂਰਤ 'ਚ ਗੁਰੂ ਘਰਾਂ ਰਾਹੀਂ ਅਨਾਊਾਸਮੈਂਟ ਕਰੇਗੀ | ਇਸੇ ਤਰ੍ਹਾਂ ਸਨਿਚਰਵਾਰ ਨੂੰ ਸਵੇਰੇ 11 ਵਜੇ ਗੋਬਿੰਦਪੁਰ ਬੇਲਾ ਵਿਖੇ ਵੀ ਵੱਡਾ ਲੋਕ ਇਕੱਠ ਰੱਖਿਆ ਗਿਆ ਹੈ | ਇਸ ਮੌਕੇ ਉਜਾਗਰ ਸਿੰਘ, ਕੇਸਰ ਸਿੰਘ ਫ਼ੌਜੀ, ਮਨੋਹਰ ਸਿੰਘ ਰਾਜੂ, ਸਤਨਾਮ ਸਿੰਘ, ਜੋਗਿੰਦਰ ਸਿੰਘ, ਸੁੱਚਾ ਸਿੰਘ, ਅਜਮੇਰ ਸਿੰਘ, ਮਹਿੰਦਰ ਸਿੰਘ, ਸ਼ੇਰ ਸਿੰਘ ਬੁਰਜ, ਜਰਨੈਲ ਸਿੰਘ ਲੰਬੜਦਾਰ ਬੁਰਜ, ਸੋਹਣ ਸਿੰਘ ਰੌਲ਼ੀ, ਸਰਬਜੀਤ ਸਿੰਘ, ਦਿਲਬਰ ਸਿੰਘ, ਕੇਹਰ ਸਿੰਘ, ਵਿਜੇ ਕੁਮਾਰ ਸਰਪੰਚ ਗੋਬਿੰਦਪੁਰ ਬੇਲਾ, ਜਰਨੈਲ ਸਿੰਘ ਜ਼ੈਲਾਂ, ਸੁੱਚਾ ਸਿੰਘ, ਤਰਲੋਚਨ ਸਿੰਘ, ਕੁਕੂ ਬਿੰਦੂ, ਗੁਰਮੇਲ ਸਿੰਘ ਸਮੇਤ ਭਾਰੀ ਗਿਣਤੀ 'ਚ ਪਿੰਡ ਵਾਸੀ ਮੌਜੂਦ ਸਨ |