ਰੂਪਨਗਰ, 25 ਦਸੰਬਰ (ਗੁਰਪ੍ਰੀਤ ਸਿੰਘ ਹੁੰਦਲ)-ਡੀ. ਏ. ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੋਪੜ ਵਿਖੇ ਐਨ. ਐਸ. ਐਸ. ਦੇ ਸੱਤ ਰੋਜ਼ਾ ਕੈਂਪ ਦੇ ਛੇਵੇਂ ਦਿਨ ਵਿਦਿਆਰਥੀਆਂ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ | ਇਹ ਕੈਂਪ ਡਾਇਰੈਕਟੋਰੇਟ ਯੁਵਕ ਸੇਵਾਵਾਂ ਤੇ ਖੇਡਾਂ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਹਾਇਕ ਡਾਇਰੈਕਟਰ ਮਨਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ | ਛੇਵੇਂ ਦਿਨ ਦੀ ਸ਼ੁਰੂਆਤ ਯੋਗਾ ਨਾਲ ਕੀਤੀ ਗਈ | ਉਪਰੰਤ ਐਨ. ਐਸ. ਐਸ. ਵਲੰਟੀਅਰਾਂ ਵਲੋਂ ਨਸ਼ਿਆਂ ਵਿਰੁੱਧ ਰੈਲੀ ਕੱਢੀ ਗਈ ਜੋ ਬੇਲਾ ਚੌਕ ਤੋਂ ਹੁੰਦੀ ਹੋਈ ਵਾਪਸ ਸਕੂਲ ਪਹੁੰਚੀ | ਪ੍ਰੋਗਰਾਮ ਅਫਸਰ ਅਸ਼ੋਕ ਕੁਮਾਰ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਸਿਹਤਮੰਦ ਜੀਵਨ ਅਪਣਾਉਣ ਲਈ ਪ੍ਰੇਰਿਤ ਕੀਤਾ | ਸ਼ਾਮ ਦੇ ਸੈਸ਼ਨ ਦੌਰਾਨ ਵਲੰਟੀਅਰਾਂ ਦੀ ਅਥਲੈਟਿਕ ਮੀਟ ਕਰਵਾਈ ਗਈ, ਜਿਸ 'ਚ 100 ਮੀਟਰ, 200 ਮੀਟਰ, 400 ਮੀਟਰ ਦੌੜਾਂ ਅਤੇ ਰੱਸਾਕਸ਼ੀ ਦੇ ਮੁਕਾਬਲੇ ਸ਼ਾਮਿਲ ਸਨ | ਜੇਤੂ ਖਿਡਾਰੀਆਂ ਨੂੰ ਸਕੂਲ ਦੀ ਪਿ੍ੰਸੀਪਲ ਸੰਗੀਤਾ ਰਾਣੀ ਵਲੋਂ ਤਗਮੇ ਪਾ ਕੇ ਸਨਮਾਨਿਤ ਕੀਤਾ | ਇਸ ਮੌਕੇ ਮੈਡਮ ਹੇਮਲਤਾ, ਮੈਡਮ ਅਮਨ, ਮੈਡਮ ਮਨਪ੍ਰੀਤ ਕੌਰ, ਰਿਤੂ ਸ਼ਰਮਾ ਅਤੇ ਸਕੂਲ ਦੇ ਡੀ. ਪੀ. ਈ. ਰਵੀ ਇੰਦਰ ਸਿੰਘ ਵੀ ਹਾਜ਼ਰ ਰਹੇ |