ਨੂਰਪੁਰ ਬੇਦੀ, 25 ਦਸੰਬਰ (ਹਰਦੀਪ ਸਿੰਘ ਢੀਂਡਸਾ)-ਕਲਮਾਂ ਜ਼ੋਨ ਤੋਂ ਨਵੇਂ ਚੁਣੇ ਗਏ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਰਨੈਲ ਸਿੰਘ ਲਾਲੀ ਦਾ ਨੂਰਪੁਰ ਬੇਦੀ ਦੇ ਸ਼ਹਿਰ ਵਾਸੀਆਂ ਨੇ ਸਿਰੋਪਾਓ ਦੇ ਕੇ ਸਨਮਾਨ ਕੀਤਾ ਹੈ | ਇਸ ਮੌਕੇ ਲਾਲੀ ਨੇ ਕਿਹਾ ਕਿ ਉਹ ਜ਼ਿਲ੍ਹਾ ਪ੍ਰੀਸ਼ਦ ਦੀ ਮਿਲੀ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਯਤਨ ਕਰਨਗੇ | ਉਨ੍ਹਾਂ ਕਿਹਾ ਕਿ ਲੋਕਾਂ ਨੇ ਮੈਨੂੰ ਬੇਮਿਸਾਲ ਵੋਟਾਂ ਪਾ ਕੇ ਵੱਡਾ ਫਤਵਾ ਦਿੱਤਾ ਹੈ, ਜਿਸ ਲਈ ਮੈਂ ਸਮੂਹ ਲੋਕਾਂ ਦਾ ਕਰਜ਼ਦਾਰ ਰਹਾਂਗਾ | ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਦਿਨੇਸ਼ ਚੱਢਾ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰੀਸ਼ਦ ਰੂਪਨਗਰ 'ਚ ਆਪਣੇ ਇਲਾਕੇ ਦੇ ਵਿਕਾਸ ਲਈ ਦਿਨ ਰਾਤ ਇਕ ਕਰਾਂਗਾ | ਇਸ ਮੌਕੇ ਸ਼ਹਿਰ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਜਰਨੈਲ ਸਿੰਘ ਲਾਲੀ ਦੀ ਪਤਨੀ ਨਿਰਮਲਾ ਦੇਵੀ ਸਰਪੰਚ ਨੂਰਪੁਰ ਬੇਦੀ ਤੋਂ ਬਾਅਦ ਹੁਣ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਬਣਨ ਦਾ ਮਾਣ ਵੀ ਨੂਰਪੁਰ ਬੇਦੀ ਨਿਵਾਸੀ ਨੂੰ ਹਾਸਲ ਹੋਇਆ ਹੈ | ਇਸ ਮੌਕੇ ਰਾਜ ਕੁਮਾਰ ਬਾਵਾ, ਮਾ. ਰਾਮ ਸਿੰਘ ਪੰਚ, ਰਿੰਕੂ ਚੱਢਾ, ਗੌਰਵ ਕਾਲੜਾ, ਸਤਨਾਮ ਸਿੰਘ ਤੇ ਹੋਰ ਸ਼ਹਿਰ ਵਾਸੀ ਵੀ ਹਾਜ਼ਰ ਸਨ |