ਸ੍ਰੀ ਅਨੰਦਪੁਰ ਸਾਹਿਬ, 26 ਦਸੰਬਰ (ਕਰਨੈਲ ਸਿੰਘ)-ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੀਆਂ ਹੋਣ ਵਾਲੀਆਂ ਕੌਂਸਲ ਚੋਣਾਂ ਸੰਬੰਧੀ ਕਾਬਜ਼ ਧਿਰ ਵਲੋਂ ਕੀਤੀ ਵਾਰਡਬੰਦੀ ਨੂੰ ਲੈ ਕੇ ਘਮਸਾਣ ਮੱਚਿਆ ਹੋਇਆ ਹੈ | ਉਕਤ ਚੋਣਾਂ ਲੜਨ ਦੇ ਇੱਛਕ ਤੇ ਵਿਰੋਧੀਆਂ ਵਲੋਂ ਸੱਤਾ ਧਿਰ 'ਤੇ ਆਪਣੀ ਮਨਪਸੰਦ ਵਾਰਡਬੰਦੀ ਸਹਾਰੇ ਚੋਣਾਂ ਲੁੱਟਣ ਦੇ ਦੋਸ਼ ਲਗਾਏ ਜਾ ਰਹੇ ਹਨ | ਨਗਰ ਕੌਂਸਲ ਵਲੋਂ ਪ੍ਰਸਤਾਵਿਤ ਚੋਣਾਂ ਸੰਬੰਧੀ ਕੀਤੀ ਨਵੀਂ ਵਾਰਡਬੰਦੀ ਦੇ ਕੌਂਸਲ ਦਫ਼ਤਰ ਵਿਖੇ ਲਗਾਏ ਨਕਸ਼ੇ 'ਚ ਨਵੇਂ ਵਾਰਡਾਂ ਦੀ ਸਥਿਤੀ ਸਪਸ਼ਟ ਨਾ ਹੋਣ ਕਰਕੇ ਚੋਣਾਂ ਲੜਨ ਦੇ ਇੱਛਕ ਉਮੀਦਵਾਰਾਂ ਤੇ ਆਮ ਲੋਕਾਂ ਦੇ ਪੱਲੇ ਕੁੱਝ ਵੀ ਨਹੀਂ ਪੈ ਰਿਹਾ, ਜਿਸ ਕਰਕੇ ਇਨ੍ਹਾਂ ਲੋਕਾਂ ਵਲੋਂ ਭਾਰੀ ਨਾਰਾਜ਼ਗੀ ਦਿਖਾਈ ਜਾ ਰਹੀ ਹੈ | ਕੌਂਸਲਰ ਗੁਰਿੰਦਰ ਸਿੰਘ ਬੰਟੀ ਵਾਲੀਆ, ਸਾਬਕਾ ਕੌਂਸਲਰ ਐਡਵੋਕੇਟ ਰਵਿੰਦਰ ਸਿੰਘ ਰਤਨ ਤੇ ਭਾਜਪਾ ਆਗੂ ਬਲਰਾਮ ਪ੍ਰਾਸ਼ਰ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਦੋਸ਼ ਲਗਾਇਆ ਕਿ ਤਿਆਰ ਨਵੀਂ ਵਾਰਡਬੰਦੀ 'ਚ ਕਿਸੇ ਵੀ ਵਾਰਡ ਦੀ ਹੱਦ ਸਪੱਸ਼ਟ ਨਹੀਂ ਹੈ ਤੇ ਨਾ ਹੀ ਵਾਰਡ ਦੀਆਂ ਦਿਸ਼ਾਵਾਂ ਅਤੇ ਸੀਮਾਵਾਂ ਸਪੱਸ਼ਟ ਹਨ | ਇਸ ਮਾਮਲੇ 'ਤੇ ਐਡਵੋਕੇਟ ਰਵਿੰਦਰ ਸਿੰਘ ਰਤਨ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਦੋਸ਼ ਲਗਾਇਆ ਕਿ ਨਗਰ ਕੌਂਸਲ ਵਿਖੇ ਨਵੀਂ ਵਾਰਡਬੰਦੀ ਦਾ ਲਗਾਇਆ ਨਕਸ਼ਾ ਜਾਣਬੁੱਝ ਕੇ ਗੁੰਝਲਦਾਰ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ | ਉਨ੍ਹਾਂ ਦਾ ਦੋਸ਼ ਹੈ ਕਿ ਸਰਕਾਰ ਤੇ ਕਾਬਜ਼ ਧਿਰ ਨਗਰ ਕੌਂਸਲ ਚੋਣਾਂ ਨੂੰ ਲੁੱਟਣਾ ਚਾਹੁੰਦੀ ਹੈ | ਕੌਂਸਲਰ ਬੰਟੀ ਤੇ ਐਡਵੋਕੇਟ ਰਤਨ ਨੇ ਕਿਹਾ ਕਿ ਨਵੀਂ ਵਾਰਡਬੰਦੀ ਨਾਲ ਲੋਕਾਂ ਨੂੰ ਆਪਣੇ ਪਾਸਪੋਰਟ, ਆਧਾਰ ਕਾਰਡ ਤੇ ਰਿਹਾਇਸ਼ ਪ੍ਰਮਾਣ ਪੱਤਰ ਅਤੇ ਹੋਰ ਦਸਤਾਵੇਜ਼ 'ਚ ਆਪਣੇ ਪਤੇ ਠੀਕ ਕਰਵਾਉਣ 'ਚ ਭਾਰੀ ਮੁਸ਼ਕਿਲ ਪੇਸ਼ ਆਵੇਗੀ | ਉਨ੍ਹਾਂ ਪੰਜਾਬ ਸਰਕਾਰ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਅਪੀਲ ਕਰਦਿਆਂ ਕਿਹਾ ਕਿ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਈਆਂ ਜਾਣ | ਇਸ ਸੰਬੰਧੀ ਨਗਰ ਕੌਂਸਲ ਕਾਰਜ ਸਾਧਕ ਅਫ਼ਸਰ ਸੰਗੀਤ ਕੁਮਾਰ ਨੇ ਕਿਹਾ ਕਿ ਵਾਰਡਬੰਦੀ ਸੰਬੰਧੀ ਲੋਕਾਂ ਦੇ ਆ ਰਹੇ ਇਤਰਾਜ਼ ਲਏ ਜਾ ਰਹੇ ਹਨ | ਵਾਰਡਬੰਦੀ ਨਕਸ਼ੇ ਦੀ ਪੁੱਛਗਿੱਛ ਲਈ ਕੌਂਸਲ 'ਚ ਜੇ. ਈ. ਤਾਇਨਾਤ ਹਨ ਅਤੇ ਲੋਕ ਉਨ੍ਹਾਂ ਕੋਲੋਂ ਜਾਣਕਾਰੀ ਲੈ ਸਕਦੇ ਹਨ | ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਕੁਝ ਦਿਨ ਪਹਿਲਾਂ ਹੀ ਇਥੇ ਤਾਇਨਾਤੀ ਹੋਈ ਹੈ ਤੇ ਵਾਰਡਬੰਦੀ ਦਾ ਸਰਵੇ ਉਨ੍ਹਾਂ ਤੋਂ ਪਹਿਲਾਂ ਹੀ ਕੀਤਾ ਜਾ ਚੁੱਕਾ ਸੀ |