ਸ੍ਰੀ ਚਮਕੌਰ ਸਾਹਿਬ, 26 ਦਸੰਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਉਪਰੰਤ ਵੀ ਸੰਗਤਾਂ ਦੀ ਰੋਜ਼ਾਨਾ ਵੱਡੇ ਪੱਧਰ 'ਤੇ ਹੋ ਰਹੀ ਆਮਦ ਕਾਰਨ ਪ੍ਰਸ਼ਾਸਨ ਵੀ ਬੇਵੱਸ ਜਾਪ ਰਿਹਾ ਹੈ | ਇਹ ਪਹਿਲੀ ਵਾਰ ਹੈ ਕਿ ਸੰਗਤ ਟਰੈਕਟਰਾਂ ਟਰਾਲੀਆਂ 'ਚ ਵੱਡੇ ਪੱਧਰ 'ਤੇ ਇੱਥੇ ਸ਼ਿਰਕਤ ਕਰ ਰਹੀ ਹੈ | ਸ੍ਰੀ ਚਮਕੌਰ ਸਾਹਿਬ ਦੇ ਟੀ ਪੁਆਇੰਟ ਤੋਂ ਗੁਰਦੁਆਰਾ ਚੌਕ ਅਤੇ ਗੁਰਦੁਆਰਾ ਚੌਕ ਤੋਂ ਸਰਹਿੰਦ ਨਹਿਰ ਤੱਕ ਕਿਸੇ ਵਾਹਨ ਦਾ ਲੰਘਣਾ ਤਾਂ ਇਕ ਪਾਸੇ ਪੈਦਲ ਲੰਘਣਾ ਵੀ ਔਖਾ ਹੋ ਰਿਹਾ ਹੈ | ਕਿਉਂਕਿ ਸੜਕਾਂ 'ਤੇ ਖੜੇ੍ਹ ਟਰੈਕਟਰ ਟਰਾਲੀਆਂ ਆਵਾਜਾਈ 'ਚ ਵੱਡੇ ਪੱਧਰ 'ਤੇ ਖੜੋਤ ਪੈਦਾ ਕਰ ਰਹੇ ਹਨ | ਇਥੇ ਇਹ ਵੀ ਵੇਖਣ 'ਚ ਆ ਰਿਹਾ ਹੈ ਕਿ ਗੁਰਦੁਆਰਾ ਚੌਕ ਵਿਚ ਤਾਂ ਹਾਲਾਤ ਹੋਰ ਵੀ ਮਾੜੇ ਹੋ ਚੁੱਕੇ ਹਨ | ਲੋਕ ਆਪਣੇ ਵਾਹਨ ਚੌਕ ਅਤੇ ਸੜਕਾਂ ਤੇ ਖੜ੍ਹਾ ਕਰਕੇ ਘੰਟਿਆਂ ਬੱਧੀ ਨਹੀਂ ਆਉਂਦੇ, ਜੇਕਰ ਕਿਸੇ ਨੇ ਆਪਣਾ ਵਾਹਨ ਕੱਢਣਾ ਹੈ ਤਾਂ ਉਸ ਨੂੰ ਕਈ ਘੰਟੇ ਆਪਣਾ ਵਾਹਨ ਕੱਢਣ ਨੂੰ ਹੀ ਲੱਗ ਰਹੇ ਹਨ, ਕਿਉਂਕਿ ਇਕ ਦੂਜੇ ਦੇ ਅੱਗੇ ਖੜੇ੍ਹ ਕੀਤੇ ਵਾਹਨ ਇਹ ਸਮੱਸਿਆ ਪੈਦਾ ਕਰ ਰਹੇ ਹਨ | ਇਥੇ ਇਹ ਵੀ ਵੇਖਣ ਵਿਚ ਆ ਰਿਹਾ ਹੈ ਕਿ ਕਈ ਵਾਹਨ ਚਾਲਕ ਰੋਕਣ ਤੇ ਲੜਨ ਲੱਗ ਪੈਂਦੇ ਹਨ | ਇੱਥੋਂ ਦੇ ਬਹੁਤੇ ਪੁਲਿਸ ਮੁਲਾਜ਼ਮਾਂ ਦੀ ਸ੍ਰੀ ਫ਼ਤਹਿਗੜ੍ਹ ਸਾਹਿਬ ਤੇ ਹੋਰ ਥਾਵਾਂ 'ਤੇ ਡਿਊਟੀਆਂ ਲੱਗੀਆਂ ਹੋਣ ਕਾਰਨ ਨਫ਼ਰੀ ਘੱਟ ਹੈ, ਜਿਸ ਕਾਰਨ ਪ੍ਰਬੰਧ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ | ਇਥੋਂ ਦੀ ਗੁਰਦੁਆਰਾ ਸਾਹਿਬ ਦੀ ਵਿਸ਼ਾਲ ਪਾਰਕਿੰਗ ਵੀ ਬੌਣੀ ਪੈ ਚੁੱਕੀ ਹੈ | ਸਥਾਨਕ ਸਰਹਿੰਦ ਨਹਿਰ ਦੇ ਪੁਲ ਨੇੜਲੇ ਚੌਰਾਹੇ, ਟੀ ਪੁਆਇੰਟ ਤੇ ਲੱਗ ਰਹੇ ਜਾਮ ਨੇ ਆਵਾਜਾਈ ਨੂੰ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੈ | ਇਥੋਂ ਦੇ ਲੋਕਾਂ ਦੀ ਮੰਗ ਹੈ ਕਿ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਸੰਗਤ ਸ੍ਰੀ ਚਮਕੌਰ ਸਾਹਿਬ ਵੀ ਆ ਰਹੀ ਹੈ ਤੇ ਹੁਣ ਛੁੱਟੀਆਂ ਹੋਣ ਕਾਰਨ ਸੰਗਤਾਂ ਦੀ ਆਮਦ ਹੋਰ ਵਧਣ ਦੀ ਸੰਭਾਵਨਾ ਨੂੰ ਵੇਖਦਿਆਂ ਇੱਥੇ ਵੀ ਵਾਧੂ ਟ੍ਰੈਫ਼ਿਕ ਪੁਲਿਸ ਤਾਇਨਾਤ ਕੀਤੀ ਜਾਵੇ | ਇਥੇ ਦੱਸਣਯੋਗ ਹੈ ਕਿ ਇਸ ਵਾਰ ਸੰਗਤਾਂ ਦੀ ਵੱਡੇ ਪੱਧਰ 'ਤੇ ਆਮਦ ਅੱਜ ਵੀ ਜਾਰੀ ਹੈ ਤੇ 31 ਦਸੰਬਰ ਤੱਕ ਅਜਿਹੇ ਹਾਲਤ ਬਣੇ ਰਹਿਣ ਦੀ ਸੰਭਾਵਨਾ ਹੈ |