ਚੰਡੀਗੜ੍ਹ, 26 ਦਸੰਬਰ (ਅਜਾਇਬ ਸਿੰਘ ਔਜਲਾ)ਪੰਜਾਬ ਕਲਾ ਭਵਨ ਵਿਖੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵਲੋਂ 2025 ਦਾ ਪੰਜਾਬੀ ਸਾਹਿਤ: ਮੁੱਲ ਤੇ ਮੁਲਾਂਕਣ' 'ਤੇ ਤਿੰਨ ਰੋਜ਼ਾ ਸੈਮੀਨਾਰ ਦਾ ਇੱਥੇ ਸ਼ਾਨੋ ਸ਼ੌਕਤ ਨਾਲ ਆਗਾਜ਼ ਹੋਇਆ, ਜਿਸ ਤਹਿਤ ਪਹਿਲੇ ਦਿਨ 2025 ਦੀ ਪੰਜਾਬੀ ਕਵਿਤਾ ਦਾ ਮੁਲਾਂਕਣ ਕੀਤਾ | ਸਭ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾ. ਪਵਨ ਕੁਮਾਰ ਨੇ 2025 ਦੀ ਪੰਜਾਬੀ ਗੀਤਕਾਰੀ ਬਾਰੇ ਬੋਲਦਿਆਂ ਕਿਹਾ ਕਿ ਅੱਜ ਦੀ ਗੀਤਕਾਰੀ ਬਾਰੇ ਕਈ ਸੰਦਰਭਾਂ ਵਿਚ ਗੱਲ ਕੀਤੀ ਜਾ ਸਕਦੀ ਹੈ ਚਾਹੇ ਉਹ ਪਾਪੂਲਰ ਗੀਤਕਾਰੀ ਹੋਵੇ ਚਾਹੇ ਸਾਹਿਤਕ | ਉਨ੍ਹਾਂ ਕਿਹਾ ਕਿ ਭਾਵੇਂ ਸਾਹਿਤਕ ਗੀਤਕਾਰੀ ਮਹੱਤਵ ਜ਼ਿਆਦਾ ਹੈ ਪਰ ਪਾਪੂਲਰ ਗੀਤਕਾਰੀ ਨੂੰ ਵੀ ਦਰਕਿਨਾਰ ਨਹੀਂ ਕੀਤਾ ਜਾ ਸਕਦਾ | ਉਪਰੰਤ ਖੋਜਾਰਥੀ ਅਮਨਦੀਪ ਕੌਰ ਨੇ ਪਰਵਾਸ ਸੰਬੰਧੀ ਗੀਤਕਾਰੀ ਬਾਰੇ ਸੁਆਲ ਪੁੱਛਿਆ ਤੇ ਡਾ. ਪਵਨ ਹੋਰਾਂ ਨੇ ਉਸ ਦਾ ਬਾਖੂਬੀ ਜਵਾਬ ਦਿੱਤਾ | ਉਪਰੰਤ ਪੰਜਾਬ ਯੂਨੀਵਰਸਿਟੀ ਤੋਂ ਉੱਘੇ ਆਲੋਚਕ ਡਾ. ਪ੍ਰਵੀਨ ਕੁਮਾਰ ਨੇ 2025 ਦੀ ਪੰਜਾਬੀ ਕਵਿਤਾ ਬਾਬਤ ਬੋਲਦਿਆਂ ਕਿਹਾ ਕਿ 2025 ਦੀ ਪੰਜਾਬੀ ਕਵਿਤਾ ਨੂੰ ਪਿੱਛਲੇ ਵਰਿ੍ਹਆਂ ਦੀ ਕਵਿਤਾ ਨਾਲੋਂ ਨਿਖੇੜਿਆ ਨਹੀਂ ਜਾ ਸਕਦਾ | ਇਹ ਕਵਿਤਾ ਇਕ ਖਾਸ ਤਰ੍ਹਾਂ ਦੀ ਚੇਤਨਾ ਨੂੰ ਫੜਦੀ ਹੈ | ਇਸ ਤੋਂ ਬਾਅਦ ਖੋਜਾਰਥੀ ਕੰਵਲਜੀਤ ਸਿੰਘ ਨੇ 2000 ਦੀ ਪੰਜਾਬੀ ਕਵਿਤਾ ਦੇ ਸੰਬੰਧ 'ਚ ਸੁਆਲ ਕੀਤਾ | ਖੋਜਾਰਥੀ ਦਵਿੰਦਰ ਸਿੰਘ ਨੇ ਦਰਸ਼ਨ ਤੇ ਕਵਿਤਾ ਦੇ ਸੰਬੰਧ ਬਾਰੇ ਗੱਲ ਕੀਤੀ | ਡਾ. ਪ੍ਰਵੀਨ ਨੇ ਦੋਵਾਂ ਸਵਾਲਾਂ ਦਾ ਤਰਕ ਭਰਪੂਰ ਜਵਾਬ ਦਿੱਤਾ | ਸਮਾਗਮ ਦੇ ਅਗਲੇ ਭਾਗ 'ਚ ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਦੇ ਸਕੱਤਰ ਡਾ. ਅਮਰਜੀਤ ਸਿੰਘ ਨੇ ਤਿੰਨ ਦਿਨਾਂ ਦੇ ਸਮਾਗਮਾਂ ਬਾਰੇ ਜਾਣਕਾਰੀ ਦਿੱਤੀ | ਆਪਣੇ ਪ੍ਰਧਾਨਗੀ ਭਾਸ਼ਨ 'ਚ ਉੱਘੇ ਆਲੋਚਕ ਤੇ ਪੰਜਾਬ ਕਲਾ ਪ੍ਰੀਸ਼ਦ ਦੇ ਉਪ ਪ੍ਰਧਾਨ ਡਾ. ਯੋਗਰਾਜ ਨੇ ਦੋਵਾਂ ਬੁਲਾਰਿਆਂ ਦੇ ਪੇਪਰਾਂ ਨੂੰ ਮਹੱਤਵਪੂਰਨ ਦੱਸਿਆ | ਆਖ਼ੀਰ 'ਚ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਮੀਤ ਪ੍ਰਧਾਨ ਡਾ. ਅਰਵਿੰਦਰ ਸਿੰਘ ਢਿੱਲੋਂ ਨੇ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ | ਮੰਚ ਸੰਚਾਲਨ ਸ਼ਾਇਰ ਤੇ ਵਾਰਤਕਕਾਰ ਜਗਦੀਪ ਸਿੱਧੂ ਨੇ ਕੀਤਾ | ਸਮਾਗਮ 'ਚ ਹਰਬੰਸ ਕੌਰ ਗਿੱਲ, ਗੁਰਦੇਵ ਸਿੰਘ ਗਿੱਲ, ਭੁਪਿੰਦਰ ਮਲਿਕ, ਡਾ. ਅਵਤਾਰ ਸਿੰਘ ਪਤੰਗ, ਪ੍ਰੀਤਮ ਰੁਪਾਲ, ਸ਼ਾਇਰ ਡਾ. ਸੁਰਿੰਦਰ ਗਿੱਲ, ਸਿਮਰਨਜੀਤ ਗਰੇਵਾਲ, ਪਾਲ ਅਜਨਬੀ, ਹਰਜੀਤ ਸਿੰਘ, ਗੁਰਦਰਸ਼ਨ ਸਿੰਘ ਮਾਵੀ, ਬਲਜੀਤ ਸਿੰਘ, ਗੁਰਸ਼ਰਨ ਸਿੰਘ, ਸੁਖਵਿੰਦਰ ਸਿੱਧੂ ਤੋਂ ਇਲਾਵਾ ਜਸਪਾਲ ਫਿਰਦੌਸੀ, ਚਰਨਜੀਤ ਬਾਠ, ਲਾਭ ਸਿੰਘ ਲਹਿਲੀ, ਪਿਆਰਾ ਸਿੰਘ ਰਾਹੀ, ਦਰਸ਼ਨ ਸਿੱਧੂ, ਵਰਿੰਦਰ ਸਿੰਘ ਚੱਠਾ, ਵਿੰਦਰ ਮਾਂਝੀ, ਗੁਰਚਰਨ ਮੁਹਾਲੀ, ਮਨਜੀਤਪਾਲ ਸਿੰਘ, ਸੁਰਿੰਦਰ ਕੁਮਾਰ ਆਦਿ ਕਵੀਆਂ ਤੇ ਲੇਖਕਾਂ ਨੇ ਸ਼ਿਰਕਤ ਕੀਤੀ |