ਚੌਂਕ ਮਹਿਤਾ, 31 ਮਈ (ਧਰਮਿੰਦਰ ਸਿੰਘ ਭੰਮਰਾ)-ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਦਿਸ਼ਾ-ਨਿਰਦੇਸ਼ਾਂ ਹੇਠ 6 ਜੂਨ ਦੇ ਘੱਲੂਘਾਰੇ ਦੇ ਸੰਬੰਧ 'ਚ ਪਿੰਡ-ਪਿੰਡ ਸਮਾਗਮ ਚੱਲ ਰਹੇ ਹਨ | ਇਸ ਸਮਾਗਮ ਦੌਰਾਨ ਪਿੰਡ ਜਲਾਲ ਉਸਮਾ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ, ਜਿਸ ਵਿਚ ਖਾਲਸਾ ਮੈਮੋਰੀਅਲ ਹਸਪਤਾਲ ਦੇ ਯੋਗ ਤੇ ਤਜ਼ਰਬੇਕਾਰ ਡਾਕਟਰਾਂ ਦੀ ਟੀਮ ਮੌਕੇ 'ਤੇ ਪੁੱਜ ਕੇ ਸੰਗਤਾਂ ਦੇ ਸਰੀਰਕ ਰੋਗਾਂ ਦੀ ਜਾਂਚ ਪੜਤਾਲ ਕੀਤੀ ਗਈ ਅਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ | ਇਸ ਕੈਂਪ ਵਿਚ ਕਈ ਲੋੜਵੰਦ ਲੋਕਾਂ ਨੇ ਮੁਫ਼ਤ ਟੈੱਸਟਾਂ ਤੇ ਹੋਰ ਮੈਡੀਕਲ ਸਹੂਲਤਾਂ ਪ੍ਰਾਪਤ ਕੀਤੀਆਂ | ਇਸ ਮੌਕੇ ਮਾਹਿਰ ਡਾ. ਗੁਰਪ੍ਰਤਾਪ ਸਿੰਘ, ਅਰਪਿੰਦਰ ਸਿੰਘ ਅਤੇ ਦਿਲਬਾਗ ਸਿੰਘ ਦੀ ਟੀਮ ਨੇ ਦੱਸਿਆ ਕਿ 400 ਦੇ ਕਰੀਬ ਮਰੀਜ਼ਾਂ ਦਾ ਟੈਸਟ ਕਰਨ ਦੀ ਸੇਵਾ ਨਿਭਾਈ | ਇਹ ਮੈਡੀਕਲ ਕੈਂਪ ਪਿੰਡ ਦੇ ਲੋਕਾਂ ਲਈ ਵਰਦਾਨ ਸਾਬਤ ਹੋਇਆ ਹੈ | ਇਹ ਮੈਡੀਕਲ ਕੈਂਪ ਇਸੇ ਹੀ ਲੜੀ ਨੂੰ ਤੋਰਦਿਆਂ ਭਵਿੱਖ ਵਿਚ ਹੋਰ ਇਲਾਕਿਆਂ ਵਿਚ ਵੀ ਲਗਾਇਆ ਜਾ ਰਿਹਾ ਹੈ |