ਟਾਹਲੀ ਸਾਹਿਬ/ਚਵਿੰਡਾ ਦੇਵੀ 4 ਜੂਨ (ਵਿਨੋਦ ਭੀਲੋਵਾਲ, ਸਤਪਾਲ ਸਿੰਘ ਢੱਡੇ)-ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਦੀ ਅਗਵਾਈ ਵਿਚ 6 ਜੂਨ ਨੂੰ ਮਹਿਤਾ ਵਿਖੇ ਕਰਵਾਏ ਜਾ ਰਹੇ ਸ਼ਹੀਦੀ ਸਮਾਗਮਾਂ ਵਿਚ ਦੁਨੀਆਂ ਭਰ ਤੋਂ ਪਹੁੰਚ ਰਹੀਆਂ ਸੰਗਤਾਂ ਦੇ ਖਾਣ ਪੀਣ ਲਈ ਦਸਮੇਸ਼ ਤਰਨਾ ਦਲ ਨਿਹੰਗ ਸਿੰਘਾਂ ਦੀਆਂ ਫੌਜਾਂ ਵਲੋਂ ਅੰਮਿ੍ਤਸਰ-ਮਹਿਤਾ ਹਾਈਵੇਅ 'ਤੇ ਜਿੱਥੇ ਅਤੁੱਟ ਲੰਗਰ ਵਰਤਾਏ ਜਾਣਗੇ, ਉੱਥੇ ਸ਼ਰਦਾਈਆਂ ਦੇ ਲੰਗਰ ਵੀ ਪੂਰਾ ਦਿਨ ਚੱਲਣਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦਸਮੇਸ਼ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨੇ ਗੱਲਬਾਤ ਕਰਦਿਆਂ ਕੀਤਾ | ਜਥੇ. ਸੋਢੀ ਨੇ ਕਿਹਾ ਕਿ ਦਸਮੇਸ਼ ਤਰਨਾ ਦਲ ਵਲੋਂ ਜੂਨ 1984 ਨੂੰ ਵਾਪਰੇ ਤੀਸਰੇ ਘੱਲੂਘਾਰੇ ਅਪਰੇਸ਼ਨ ਬਲਿਊ ਸਟਾਰ ਦੌਰਾਨ ਸ਼ਹੀਦ ਹੋਏ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਜੀ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ, ਬਾਬਾ ਠਾਹਰਾ ਸਿੰਘ ਤੇ ਹੋਰ ਹਜ਼ਾਰਾਂ ਦੀ ਗਿਣਤੀ ਵਿਚ ਸਿੰਘ-ਸਿੰਘਣੀਆਂ, ਭੁਝੰਗੀਆਂ ਦੀ ਪਵਿੱਤਰ ਸ਼ਹਾਦਤ ਨੂੰ ਸਮਰਪਿਤ ਪਿੰਡ-ਪਿੰਡ ਤੋਂ ਬੱਸਾਂ ਰਾਹੀਂ ਸੰਗਤਾਂ ਦੇ ਵੱਡੇ ਕਾਫਲੇ ਚੌਕ ਮਹਿਤੇ ਲਈ ਰਵਾਨਾ ਕੀਤੇ ਜਾਣਗੇ | ਜਿਸ ਵਾਸਤੇ ਵੱਖ-ਵੱਖ ਨਿਹੰਗ ਜਥੇਬੰਦੀਆਂ ਦੇ ਆਗੂਆਂ ਦੀਆਂ ਡਿਉੂਟੀਆਂ ਲਗਾ ਦਿੱਤੀਆਂ ਹਨ | ਇਸ ਮੌਕੇ ਜਥੇਦਾਰ ਬਾਬਾ ਜੋਗਾ ਸਿੰਘ ਵਡਾਲਾ, ਜਥੇਦਾਰ ਸੁਖਦੇਵ ਸਿੰਘ ਮੁੱਖ ਬੁਲਾਰਾ ਦਮਦਮੀ ਟਕਸਾਲ, ਰਾਮ ਸਿੰਘ ਗੱਢੇ ਕੇ, ਮੰਗਲ ਸਿੰਘ ਸਹੋਤਾ ਪ੍ਰਧਾਨ ਬਹੁਜਨ ਸਮਾਜ ਪਾਰਟੀ, ਮਨਜੀਤ ਸਿੰਘ ਚੇਅਰਮੈਨ ਹਲਕਾ ਜੰਡਿਆਲਾ ਗੁਰੂ, ਹਰਵਿੰਦਰ ਸਿੰਘ ਫੌਜੀ ਸਾਬਕਾ, ਸਰਪੰਚ ਹਰਜੀਤ ਸਿੰਘ ਵਡਾਲਾ ਜੌਹਲ ਸਮੇਤ ਹੋਰ ਨਿਹੰਗ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ |