ਅਜਨਾਲਾ, ਗੱਗੋਮਾਹਲ, 6 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ/ਬਲਵਿੰਦਰ ਸਿੰਘ ਸੰਧੂ)-ਅੱਜ ਡਾਕਟਰਾਂ ਦੀਆਂ ਟੀਮਾਂ ਕਿਸ਼ਤੀਆਂ, ਟਰੈਕਟਰਾਂ ਅਤੇ ਹੋਰ ਸਾਧਨਾਂ ਨਾਲ ਰਾਹੀਂ ਉੱਥੋਂ ਤੱਕ ਪਹੁੰਚੀਆਂ ਜਿੱਥੇ ਲੋਕ ਰਹਿ ਰਹੇ ਸਨ | ਇਨ੍ਹਾਂ ਟੀਮਾਂ ਵਿਚ ਸਿਹਤ ਵਿਭਾਗ, ਗਾਇਕ ਜਸਬੀਰ ਜੱਸੀ, ਏਮਜ਼ ਅਤੇ ਗ਼ੈਰ ਸਰਕਾਰੀ ਜਥੇਬੰਦੀਆਂ ਨੇ ਵੱਡਾ ਸਹਿਯੋਗ ਦਿੱਤਾ | ਇਸੇ ਦੌਰਾਨ ਜਦ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਕ 8 ਸਾਲਾਂ ਦੇ ਬੱਚੇ ਨੂੰ ਕਿਡਨੀ ਦੀ ਸਮੱਸਿਆ ਦਾ ਪਤਾ ਲੱਗਾ ਤਾਂ ਤੁਰੰਤ ਸਿਹਤ ਵਿਭਾਗ ਦੇ ਕਰਮਚਾਰੀਆਂ ਵਲੋਂ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ | ਇਸ ਸੰਬੰਧੀ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰੋਹਿਤ ਗੁਪਤਾ ਨੇ ਦੱਸਿਆ ਕਿ ਅੱਜ ਸਿਹਤ ਵਿਭਾਗ ਵਲੋਂ ਅਜਨਾਲਾ ਅਤੇ ਰਮਦਾਸ ਵਿਚ 22 ਸਥਾਨਾਂ ਉੱਤੇ ਅਤੇ ਗ਼ੈਰ ਸਰਕਾਰੀ ਜਥੇਬੰਦੀਆਂ ਵਲੋਂ ਛੇ ਸਥਾਨਾਂ ਉੱਤੇ ਮੈਡੀਕਲ ਕੈਂਪ ਲਗਾਏ ਗਏ | ਉਨ੍ਹਾਂ ਦੱਸਿਆ ਕਿ ਕੱਲ੍ਹ ਤਲਵੰਡੀ ਰਾਏਦਾਦੂ ਵਿਖੇ ਇੱਕ 8 ਸਾਲ ਦੇ ਬੱਚੇ, ਜਿਸਦਾ ਨਾਂ ਅਭਿਜੋਤ ਸਿੰਘ ਹੈ, ਨੂੰ ਕਿਡਨੀ ਦੀ ਸਮੱਸਿਆ ਹੋਣ ਦਾ ਪਤਾ ਲੱਗਾ ਸੀ, ਜਿਸ ਨੂੰ ਸਿਹਤ ਵਿਭਾਗ ਨੇ ਉੱਥੋਂ ਲੈ ਕੇ ਗੁਰੂ ਨਾਨਕ ਦੇਵ ਹਸਪਤਾਲ ਦੇ ਬੱਚਾ ਵਰਡ ਵਿਚ ਦਾਖਲ ਕਰਵਾਇਆ ਹੈ |