ਅਜਨਾਲਾ, 22 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਨਾਲ ਵਗਦੇ ਰਾਵੀ ਦਰਿਆ ਵਿਚ ਆਏ ਪਿਛਲੇ ਦਿਨੀਂ ਭਿਆਨਕ ਹੜ੍ਹਾਂ ਤੋਂ ਬਾਅਦ ਲੋਕਾਂ ਦੀ ਮਦਦ ਲਈ ਦਿਨ-ਰਾਤ ਯਤਨਸ਼ੀਲ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਬੀ.ਐੱਸ.ਐੱਫ ਦੀ ਮਦਦ ਨਾਲ ਮੋਟਰ ਬੋਟ ਵਿਚ ਸਵਾਰ ਹੋ ਕੇ ਰਾਵੀ ਦਰਿਆ ਤੋਂ ਪਾਰ ਨੁਕਸਾਨੀਆਂ ਫ਼ਸਲਾਂ ਅਤੇ ਦਰਿਆ ਬੁਰਦ ਹੋ ਚੁੱਕੀਆਂ ਜ਼ਮੀਨਾਂ ਦਾ ਜਾਇਜ਼ਾ ਲਿਆ ਗਿਆ, ਇਸ ਮੌਕੇ ਕਿਸਾਨਾਂ ਦੀ ਮੰਗ 'ਤੇ ਤੁਰੰਤ ਉਨ੍ਹਾਂ 2 ਬੇੜੇ ਦੇਣ ਦਾ ਵੀ ਐਲਾਨ ਕੀਤਾ ਤਾਂ ਜੋ ਇਨ੍ਹਾਂ ਕਿਸਾਨਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ | ਉਪਰੰਤ 'ਅਜੀਤ' ਪ੍ਰਤੀਨਿਧ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸ. ਧਾਲੀਵਾਲ ਨੇ ਦੱਸਿਆ ਕਿ ਹੜ੍ਹ ਕਾਰਨ ਰਾਵੀ ਦਰਿਆ ਤੋਂ ਪਾਰ ਕੰਡਿਆਲੀ ਤਾਰ ਨੇੜੇ ਜ਼ਿਆਦਾਤਰ ਜ਼ਮੀਨਾਂ ਵਿਚ ਜਾਂ ਤਾਂ ਰੇਤ ਭਰ ਗਈ ਹੈ ਅਤੇ ਕੁਝ ਜ਼ਮੀਨਾਂ ਤਾਂ ਦਰਿਆ ਬੁਰਦ ਵੀ ਹੋ ਗਈਆਂ ਹਨ, ਜਿਸ ਨਾਲ ਕਿਸਾਨਾਂ ਨੂੰ ਵੱਡੀ ਆਰਥਿਕ ਸੱਟ ਵੱਜੀ ਹੈ | ਉਨ੍ਹਾਂ ਦੱਸਿਆ ਕਿ ਸੁਰੱਖਿਆ ਕਾਰਨਾਂ ਕਰਕੇ ਰਾਵੀ ਦਰਿਆ ਦੇ ਵਿਚ ਪੁਲ ਬਣਾਉਣਾ ਅਸੰਭਵ ਹੈ ਇਸ ਲਈ ਉਨ੍ਹਾਂ ਵਲੋਂ ਪਹਿਲਾਂ ਵੀ ਦੋ ਪਲਟੂਨ ਪੁਲ ਬਣਾ ਕੇ ਦਿੱਤੇ ਗਏ ਸਨ | ਉਨ੍ਹਾਂ ਦੱਸਿਆ ਕਿ ਬੱਲ ਲੱਭੇ ਦਰਿਆ ਦੇ ਕਿਸਾਨਾਂ ਨੇ ਮੰਗ ਕੀਤੀ ਸੀ ਕਿ ਰਾਵੀ ਦਰਿਆ ਤੋਂ ਪਾਰ ਜਾਣ ਲਈ ਇੱਥੇ ਮੌਜੂਦ ਇਕ ਬੇੜਾ ਹੜ੍ਹਾਂ ਦੇ ਪਾਣੀਆਂ ਵਿਚ ਰੁੜ ਗਿਆ ਹੈ, ਜਿਸ ਲਈ ਆਪਣੀਆਂ ਫ਼ਸਲਾਂ ਵਿਚ ਜਾਣ ਲਈ ਬੇੜੇ ਦੀ ਸਖ਼ਤ ਜ਼ਰੂਰਤ ਹੈ ਤਾਂ ਮੈਂ ਉਨ੍ਹਾਂ ਦੀ ਮੰਗ ਨੂੰ ਮੌਕੇ 'ਤੇ ਹੀ ਪ੍ਰਵਾਨ ਕਰਦਿਆਂ ਆਪਣੀ ਜੇਬ ਵਿਚੋਂ ਬੇੜੇ ਬਣਾ ਕੇ ਦੇਣ ਦਾ ਵਾਅਦਾ ਕੀਤਾ ਸੀ ਤੇ ਅੱਜ ਪਿੰਡ ਗੱਗੋਮਾਹਲ ਵਿਖੇ ਜਾ ਕੇ ਸੰਬੰਧਿਤ ਦੁਕਾਨਦਾਰ ਨੂੰ ਉਸ ਦੀ ਦੁਕਾਨ 'ਤੇ ਜਾ ਕੇ ਬੇੜੇ ਜਲਦ ਤੋਂ ਜਲਦ ਬਣਾ ਕੇ ਦੇਣ ਦੀ ਅਪੀਲ ਕੀਤੀ ਗਈ ਹੈ | ਉਨ੍ਹਾਂ ਅੱਗੇ ਦੱਸਿਆ ਕਿ ਹੜ੍ਹ ਆਉਣ ਤੋਂ ਪਹਿਲਾਂ ਕਿਸਾਨਾਂ ਨੇ ਆਪਣੇ ਟਰੈਕਟਰ ਤੇ ਹੋਰ ਖੇਤੀ ਸੰਦ ਦਰਿਆ ਪਾਰ ਹੀ ਖੜ੍ਹੇ ਕੀਤੇ ਸਨ ਪਰ ਭਿਆਨਕ ਹੜ੍ਹ ਆਉਣ ਕਾਰਨ ਟਰੈਕਟਰ ਤੇ ਖੇਤੀ ਸੰਦ ਡੂੰਘੇ ਪਾਣੀ 'ਚ ਰੇਤ ਵਿਚ ਦੱਬੇ ਗਏ ਸਨ ਜਿਨ੍ਹਾਂ ਨੂੰ ਕਿਸਾਨਾਂ ਵਲੋਂ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਬਾਹਰ ਕੱਢਿਆ ਸੀ ਤੇ ਅੱਜ ਉਨ੍ਹਾਂ ਟਰੈਕਟਰਾਂ ਨੂੰ ਵੀ ਬੇੜੇ ਰਾਹੀਂ ਪਿੰਡ ਬੱਲ ਲੱਭੇ ਦਰਿਆ ਲਿਆਂਦਾ ਗਿਆ ਹੈ | ਇਸ ਮੌਕੇ ਸਰਪੰਚ ਜਸਜੀਤ ਸਿੰਘ ਬੱਬੂ ਬੱਲ ਲੱਭੇ ਦਰਿਆ, ਸੁਰਜੀਤ ਸਿੰਘ, ਪ੍ਰਦੀਪ ਸਿੰਘ, ਹਰਪ੍ਰੀਤ ਸਿੰਘ, ਤਰਸੇਮ ਸਿੰਘ, ਰੁਪਿੰਦਰ ਸਿੰਘ, ਬੂਟਾ ਸਿੰਘ, ਜਸਬੀਰ ਸਿੰਘ ਬਾਜਵਾ, ਜਸਕਰਨ ਸਿੰਘ, ਮੱਖਣ ਸਿੰਘ, ਕੁਲਵਿੰਦਰ ਸਿੰਘ, ਸਰਬਜੀਤ ਸਿੰਘ, ਬੇਅੰਤ ਸਿੰਘ, ਅਮਨਦੀਪ ਸਿੰਘ, ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ, ਸੁੱਖਾ ਸਿੰਘ, ਭੋਲਾ ਸਿੰਘ, ਕਸ਼ਮੀਰ ਸਿੰਘ, ਪਰਮਜੀਤ ਸ਼ਰਮਾ, ਬਲਦੇਵ ਸਿੰਘ ਅਤੇ ਜਸਕਰਨ ਸਿੰਘ ਆਦਿ ਕਿਸਾਨ ਹਾਜ਼ਰ ਸਨ |